ਚੰਡੀਗੜ੍ਹ : ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ 'ਆਮ ਆਦਮੀ ਪਾਰਟੀ' ਦੇ ਅਮਰਗੜ੍ਹ ਤੋਂ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਦੇ ਘਰ ਛਾਪਾ ਮਾਰ ਕੇ 32 ਲੱਖ ਰੁਪਏ ਦੀ ਨਕਦੀ, ਮੋਬਾਈਲ ਫੋਨ ਅਤੇ ਹਾਰਡ ਡਰਾਈਵ ਜ਼ਬਤ ਕੀਤੀ ਹੈ। ਈਡੀ ਨੇ ਕਥਿਤ ਬੈਂਕ ਲੋਨ ਧੋਖਾਧੜੀ ਦੇ ਸਬੰਧ ਵਿੱਚ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੇ ਤਹਿਤ ਵਿਧਾਇਕ ਦੇ ਘਰ ਦੀ ਤਲਾਸ਼ੀ ਲਈ ਗਈ ਸੀ। ਮੀਡੀਆ ਨੂੰ ਦਿੱਤੇ ਬਿਆਨ ਵਿੱਚ ਗੱਜਣ ਮਾਜਰਾ ਨੇ ਕਿਹਾ ਕਿ 'ਈਡੀ ਅਧਿਕਾਰੀਆਂ ਨੇ ਸਾਡੇ ਬਿਆਨ ਦਰਜ ਕੀਤੇ ਅਤੇ ਸਾਡੀਆਂ ਘਾਟੇ ਵਿੱਚ ਚੱਲ ਰਹੀਆਂ ਕੰਪਨੀਆਂ ਬਾਰੇ ਕਈ ਸਵਾਲ ਪੁੱਛੇ।"


'ਆਪ' ਵਿਧਾਇਕ ਨੇ ਦਾਅਵਾ ਕੀਤਾ ਹੈ ਕਿ ਈਡੀ ਨੂੰ ਤਲਾਸ਼ੀ ਦੌਰਾਨ ਕੋਈ ਵੀ ਦੋਸ਼ਪੂਰਨ ਦਸਤਾਵੇਜ਼ ਨਹੀਂ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਮੇਰੇ ਘਰੋਂ 32 ਲੱਖ ਰੁਪਏ ਅਤੇ ਤਿੰਨ ਮੋਬਾਈਲ ਫੋਨ ਜ਼ਬਤ ਕੀਤੇ ਗਏ ਹਨ। ਨਕਦੀ ਦੋ ਬੈਂਕਾਂ ਤੋਂ ਆਈ ਅਤੇ ਸਾਡੇ ਕੋਲ ਸਾਰਾ ਰਿਕਾਰਡ ਹੈ। ਅਧਿਕਾਰੀਆਂ ਨੇ ਸਾਨੂੰ ਬੈਂਕ ਸਟੇਟਮੈਂਟ ਪੇਸ਼ ਕਰਨ ਲਈ ਕਿਹਾ ਹੈ ਅਤੇ ਅਸੀਂ ਪੇਸ਼ ਕਰਾਂਗੇ।


ਭ੍ਰਿਸ਼ਟਾਚਾਰ ਦੇ ਮਾਮਲੇ 'ਚ ਦੋਸ਼ੀ IAS ਪੋਪਲੀ ਨੂੰ ਝਟਕਾ: Consumer Court ਨੇ 15 ਸਾਲ ਪੁਰਾਣੇ ਮਾਮਲੇ 'ਚ ਬਕਾਇਆ ਬਿਜਲੀ ਬਿੱਲ ਅਦਾ ਕਰਨ ਲਈ ਕਿਹਾ


 


ਚਾਰ ਮਹੀਨੇ ਪਹਿਲਾਂ, ਸੀਬੀਆਈ ਨੇ 40.92 ਕਰੋੜ ਰੁਪਏ ਤੋਂ ਵੱਧ ਦੇ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ਉਹਨਾਂ ਦੀ ਜਾਇਦਾਦ ਦੀ ਤਲਾਸ਼ੀ ਲਈ ਸੀ। ਇਸ ਮਾਮਲੇ 'ਚ ਈਡੀ ਅਧਿਕਾਰੀਆਂ ਨੇ ਵੀਰਵਾਰ ਨੂੰ ਵਿਧਾਇਕ ਦੀ ਰਿਹਾਇਸ਼ ਸਣੇ ਕਈ ਜਾਇਦਾਦਾਂ 'ਤੇ ਵੀ ਛਾਪੇਮਾਰੀ ਕੀਤੀ ਸੀ। ਗੱਜਣ ਮਾਜਰਾ ਨੇ ਕਿਹਾ ਕਿ ਸਾਡੀ ਪਾਰਟੀ ਨੂੰ ਹੋਰਨਾਂ ਸੂਬਿਆਂ ਵਿੱਚ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ, ਜਿਸ ਕਾਰਨ ਕੇਂਦਰ ਸਰਕਾਰ ‘ਆਪ’ ਆਗੂਆਂ ਨੂੰ ਬਦਨਾਮ ਕਰਨ ਲਈ ਵੱਖ-ਵੱਖ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਮੇਰੇ ਕੋਲ ਲੁਕਾਉਣ ਲਈ ਕੁਝ ਨਹੀਂ ਹੈ ਅਤੇ ਅਸੀਂ ਡਰਨ ਵਾਲੇ ਨਹੀਂ ਹਾਂ ਕਿਉਂਕਿ ਸਾਡੇ ਕੋਲ ਸਭ ਕੁਝ ਪਾਰਦਰਸ਼ੀ ਹੈ।


'ਆਪ' ਵਿਧਾਇਕ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਜਾਇਦਾਦ ਦੇ ਬਦਲੇ ਕਰਜ਼ਾ ਲਿਆ ਹੈ। ਬੈਂਕ ਆਪਣੇ ਪੈਸੇ ਦੀ ਵਸੂਲੀ ਲਈ ਜਾਇਦਾਦ ਵੇਚ ਸਕਦਾ ਹੈ। ਅਸੀਂ ਈਡੀ ਨਾਲ ਸਾਰੇ ਵੇਰਵੇ ਸਾਂਝੇ ਕੀਤੇ ਹਨ। ਹਾਲਾਂਕਿ ਈਡੀ ਨੇ ਕਿਹਾ ਕਿ ਮੁਲਜ਼ਮਾਂ ਅਤੇ ਉਨ੍ਹਾਂ ਦੇ ਸਾਥੀਆਂ ਦੇ ਲੁਧਿਆਣਾ, ਮਲੇਰਕੋਟਲਾ, ਖੰਨਾ, ਪਾਇਲ ਅਤੇ ਧੂਰੀ ਵਿਖੇ ਵਪਾਰਕ ਅਤੇ ਰਿਹਾਇਸ਼ੀ ਸਥਾਨਾਂ ਦੀ ਤਲਾਸ਼ੀ ਲਈ ਗਈ। ਈਡੀ ਨੇ ਕਿਹਾ ਕਿ ਫਰਜ਼ੀ ਫਰਮਾਂ ਨਾਲ ਸਬੰਧਤ ਦੋਸ਼ਪੂਰਨ ਸਬੂਤ ਹਨ ਜਿਨ੍ਹਾਂ ਰਾਹੀਂ ਕੰਪਨੀ ਦੇ ਕਾਰੋਬਾਰ ਨੂੰ ਅੱਗੇ ਵਧਾਇਆ ਗਿਆ ਸੀ ਅਤੇ ਲੋਨ ਮੋੜਿਆ ਗਿਆ ਸੀ।