ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੋੜ-ਤੋੜ ਸ਼ੁਰੂ ਹੋ ਗਏ ਹਨ। ਸਿਆਸੀ ਪਾਰਟੀਆਂ ਚੋਣਾਂ ਲਈ ਗੱਠਜੋੜ ਕਰ ਰਹੀਆਂ ਹਨ। ਇਸੇ ਦਿਸ਼ਾ ਵਿੱਚ ਪੰਜਾਬ ਦੀਆਂ 12 ਸਿਆਸੀ ਪਾਰਟੀਆਂ ਵੱਲੋਂ ਸਾਂਝੇ ਤੌਰ ’ਤੇ ਪੰਜਾਬ ਮੁਕਤੀ ਮੋਰਚਾ ਬਣਾਇਆ ਗਿਆ ਹੈ। ਪੰਜਾਬ ਮੁਕਤੀ ਮੋਰਚਾ ਵੱਲੋਂ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਜਾਣਗੇ।
ਇਸ ਮੋਰਚੇ ਵਿੱਚ ਯੂਨਾਈਟਿਡ ਅਕਾਲੀ ਦਲ, ਲੋਕ ਅਧਿਕਾਰ ਲਹਿਰ, ਪੰਜਾਬ ਬਹੁਜਨ ਸਮਾਜ ਪਾਰਟੀ, ਬਹੁਜਨ ਮੁਕਤੀ ਪਾਰਟੀ, ਭਾਰਤੀ ਉਦਯੋਗ ਤੇ ਵਪਾਰ ਮਹਾਸੰਘ (ਭਾਰਤੀ ਆਰਥਿਕ ਪਾਰਟੀ), ਰਿਪਬਲਿਕ ਪਾਰਟੀ ਆਫ਼ ਇੰਡੀਆ, ਕਿਰਤੀ ਅਕਾਲੀ ਦਲ, ਆਜ਼ਾਦ ਸਮਾਜ ਪਾਰਟੀ ਤੇ ਪੰਜਾਬ ਲੋਕ ਜਨਸ਼ਕਤੀ ਪਾਰਟੀ ਸ਼ਾਮਲ ਹਨ।
ਮੋਰਚੇ ਦੇ ਲੀਡਰਾਂ ਨੇ ਕਿਹਾ ਕਿ ਪੰਜਾਬ ਮੁਕਤੀ ਮੋਰਚਾ ਪੰਜਾਬ ਨੂੰ ਲੁੱਟਣ ਵਾਲੇ ਆਗੂਆਂ ਨੂੰ ਦੇਸ਼ ਧ੍ਰੋਹੀ ਸਮਝਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ‘ਆਪ’ ਲੋਕਾਂ ਨੂੰ ਗੁਮਰਾਹ ਕਰਨ ਵਿੱਚ ਲੱਗੀਆਂ ਹੋਈਆਂ ਹਨ। ਪੰਜਾਬ ਮੁਕਤੀ ਮੋਰਚਾ ਸਾਰਿਆਂ ਨੂੰ ਨਾਲ ਲੈ ਕੇ ਚੱਲੇਗਾ। ਉਨ੍ਹਾਂ ਕਿਹਾ ਕਿ ਇਸ ਮੋਰਚੇ ਦੇ ਬੈਨਰ ਹੇਠ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਕਤ ਪਾਰਟੀਆਂ ਇਕੱਠੀਆਂ ਹੋ ਕੇ ਚੋਣਾਂ ਲੜਨਗੀਆਂ।
ਬੀਜੇਪੀ ਵੱਲੋਂ ਵੀ ਗੱਠਜੋੜ ਦੀ ਕੋਸ਼ਿਸ਼
ਇੱਥੇ ਅਹਿਮ ਹੈ ਕਿ ਕੈਪਟਨ ਅਮਰਿੰਦਰ ਸਿੰਘ ਬੇਸ਼ੱਕ ਪਹਿਲਾਂ ਹੀ ਬੀਜੇਪੀ ਨਾਲ ਗੱਠਜੋੜ ਦਾ ਐਲਾਨ ਕਰ ਚੁੱਕੇ ਹਨ ਪਰ ਸੁਖਦੇਵ ਸਿੰਘ ਢੀਂਡਸਾ ਨੇ ਅਜੇ ਇਸ ਬਾਰੇ ਕੁਝ ਵੀ ਸਪਸ਼ਟ ਨਹੀਂ ਕੀਤਾ। ਉਂਝ ਕੈਪਟਨ ਵੀ ਦਾਅਵਾ ਕਰ ਚੁੱਕੇ ਹਨ ਕਿ ਸੁਖਦੇਵ ਸਿੰਘ ਢੀਂਡਸਾ ਦੇ ਧੜੇ ਤੇ ਬੀਜੇਪੀ ਨਾਲ ਮਿਲ ਕੇ ਚੋਣਾਂ ਲੜਾਂਗੇ। ਇਸ ਲਈ ਢੀਂਡਸਾ ਧੜਾ ਬੀਜੇਪੀ ਨਾਲ ਜਾਏਗਾ ਜਾਂ ਨਹੀਂ, ਇਸ ਬਾਰੇ ਭੇਤ ਬਰਕਰਾਰ ਹੈ।
ਇਹ ਵੀ ਪੜ੍ਹੋ: ਪੰਜਾਬ ਦੀਆਂ ਚੋਣਾਂ ਬਾਰੇ ਅਮਿਤ ਸ਼ਾਹ ਦਾ ਵੱਡਾ ਖੁਲਾਸਾ, ਬੀਜੇਪੀ ਕਰ ਰਹੀ ਇਸ ਰਣਨੀਤੀ 'ਤੇ ਕੰਮ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/811114904