ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀਆਂ ਬੇਬਾਕ ਟਿੱਪਣੀਆਂ ਨੇ ਮੁੜ ਚਰਚਾ ਛੇੜ ਦਿੱਤੀ ਹੈ ਕਿ ਉਹ ਪਾਰਟੀ ਛੱਡ ਸਕਦੇ ਹਨ। ਐਤਵਾਰ ਨੂੰ ਨਵਜੋਤ ਸਿੱਧੂ ‘ਪੰਜਾਬ ਬੋਲਦਾ’ ਪ੍ਰੋਗਰਾਮ ਵਿੱਚ ਸਪਸ਼ਟ ਕਿਹਾ ਕਿ ਉਹ ਸਿਆਸਤ ਵਿੱਚ ‘ਸ਼ੋਅ ਪੀਸ’ ਬਣਨ ਲਈ ਨਹੀਂ ਆਏ। ਉਨ੍ਹਾਂ ਕਿਹਾ ਕਿ ਚੰਗੇ ਇਨਸਾਨ ਨੂੰ ਸਿਆਸਤ ਵਿੱਚ ‘ਨੁਮਾਇਸ਼ ਦੀ ਚੀਜ਼’ ਬਣਾ ਦਿੱਤਾ ਜਾਂਦਾ ਹੈ। ਚੋਣਾਂ ਜਿੱਤਣ ਮਗਰੋਂ ਮੋਹਰੇ ਵਾਂਗ ਰੱਖ ਦਿੱਤਾ ਜਾਂਦਾ ਹੈ।

ਇਸ ਮਗਰੋਂ ਚਰਚਾ ਛਿੜੀ ਕਿ ਨਵਜੋਤ ਸਿੱਧੂ ਕੋਈ ਵੱਡਾ ਧਮਾਕਾ ਕਰ ਸਕਦੇ ਹਨ। ਹੁਣ ਨਵਜੋਤ ਸਿੱਧੂ ਨੇ ਸਪਸ਼ਟ ਕੀਤਾ ਹੈ ਕਿ ਉਹ ਪ੍ਰਿਅੰਕਾ ਗਾਂਧੀ ਤੇ ਰਾਹੁਲ ਗਾਂਧੀ ਦਾ ਸਾਥ ਨਹੀਂ ਛੱਡਣਗੇ। ਅਸੀਂ ਜੋ ਵਾਅਦਾ ਕੀਤਾ ਹੈ, ਉਸ ਨੂੰ ਪੂਰਾ ਕਰਾਂਗੇ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਮਿਲੇਗੀ, ਉਹ ਉਸ ਨੂੰ ਨਿਭਾਉਣਗੇ। ਜੇਕਰ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਜਾਂਦੀ ਤਾਂ ਵੀ ਰਾਹੁਲ ਪ੍ਰਿਅੰਕਾ ਦਾ ਸਾਥ ਨਹੀਂ ਛੱਡਣਗੇ।

ਸਿੱਧੂ ਨੇ ਟਵੀਟ ਕਰਦਿਆਂ ਕਿਹਾ "ਜਦੋਂ ਸ਼ੱਕ ਹੋਵੇ ਤਾਂ ਸਿੱਧਾ ਚੱਲੋ, ਸੱਚ ਦੇ ਮਾਰਗ 'ਤੇ ਚੱਲੋ... ਨੈਤਿਕ ਕਦਰਾਂ-ਕੀਮਤਾਂ ਨਾਲ ਕਦੇ ਵੀ ਸਮਝੌਤਾ ਨਾ ਕਰੋ" ਆਖਰੀ ਦਮ ਤੱਕ ਪੰਜਾਬ, @ਰਾਹੁਲ ਗਾਂਧੀ ਤੇ @ਪ੍ਰਿਯੰਕਾ ਗਾਂਧੀ ਨਾਲ ਖੜਾਂਗਾ!


 




ਨਵਜੋਤ ਸਿੱਧੂ ਨੇ ਐਤਵਾਰ ਨੂੰ ‘ਪੰਜਾਬ ਬੋਲਦਾ’ ਪ੍ਰੋਗਰਾਮ ਵਿੱਚ ਕਿਹਾ ਕਿ ਪੰਜਾਬ ਚੋਣਾਂ ਐਤਕੀਂ ਅਗਲੀ ਨਸਲ ਬਚਾਉਣ ਦੇ ਮੁੱਦੇ ’ਤੇ ਹੋਣਗੀਆਂ ਤੇ ਲੋਕਾਂ ਕੋਲ ਇਹ ਆਖ਼ਰੀ ਮੌਕਾ ਹੈ ਕਿ ਉਨ੍ਹਾਂ ਨੇ ਅਗਲੀ ਪੀੜ੍ਹੀ ਨੂੰ ਬਚਾਉਣ ਲਈ ਸਹੀ ਵਿਅਕਤੀ ਦੀ ਚੋਣ ਕਰਨੀ ਹੈ ਜਾਂ ਪੰਜਾਬ ਨੂੰ ਅਰਾਜਕਤਾ ਵੱਲ ਧੱਕਣਾ ਹੈ। ਉਨ੍ਹਾਂ ਆਪਣੇ ਹਵਾਲੇ ਨਾਲ ਕਿਹਾ ਕਿ ਪੰਜਾਬ ਦੇ ਲੋਕ ਇਮਾਨਦਾਰ ਲੋਕਾਂ ਨੂੰ ਅੱਗੇ ਲਿਆਉਣ। ਉਨ੍ਹਾਂ ਕਿਹਾ ਕਿ ਐਤਕੀਂ ਪੰਜਾਬ ਦੇ ਲੋਕ ਗੁਮਰਾਹ ਨਹੀਂ ਹੋਣਗੇ।