Punjab Elections 2022: ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪੰਜਾਬ ਦੇ ਡਿਪਟੀ ਸਪੀਕਰ ਅਜੈਬ ਸਿੰਘ ਨੇ ਭਦੌੜ ਤੋਂ ਚੋਣ ਲੜਨ ਵਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਅਜੈਬ ਸਿੰਘ ਦੀ ਪਤਨੀ ਮਨਜੀਤ ਕੌਰ ਨੇ ਮੰਗਲਵਾਰ ਨੂੰ ਭਦੌੜ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ।






ਕਾਂਗਰਸ ਪਾਰਟੀ ਨੇ ਇਸ ਵਾਰ ਮਲੋਟ ਤੋਂ ਵਿਧਾਇਕ ਅਜੈਬ ਸਿੰਘ ਨੂੰ ਟਿਕਟ ਨਹੀਂ ਦਿੱਤੀ। ਇਸ ਤੋਂ ਨਾਰਾਜ਼ ਅਜੈਬ ਸਿੰਘ ਨੇ ਆਪਣੀ ਪਤਨੀ ਨੂੰ ਸੀ.ਐੱਮ ਚਰਨਜੀਤ ਸਿੰਘ ਖਿਲਾਫ ਮੈਦਾਨ 'ਚ ਉਤਾਰਿਆ ਹੈ। ਹਾਲਾਂਕਿ ਕਾਂਗਰਸ ਪਾਰਟੀ ਵੱਲੋਂ ਅਜੈਬ ਸਿੰਘ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਜੇਕਰ ਅਜੈਬ ਸਿੰਘ ਦੀ ਪਤਨੀ ਨੇ ਨਾਮਜ਼ਦਗੀ ਵਾਪਸ ਨਹੀਂ ਲਈ ਤਾਂ ਕਾਂਗਰਸ ਉਨ੍ਹਾਂ ਖਿਲਾਫ ਕਾਰਵਾਈ ਕਰ ਸਕਦੀ ਹੈ।


ਹਾਲਾਂਕਿ ਕਾਂਗਰਸ ਲਈ ਮੁਸ਼ਕਿਲਾਂ ਕਾਫੀ ਵਧ ਗਈਆਂ ਹਨ। ਯੂਥ ਕਾਂਗਰਸੀ ਆਗੂ ਦਮਨ ਥਿੰਦ ਨੇ ਵੀ ਸੁਨਾਮ ਤੋਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕੀਤੀ ਹੈ। ਦਾਮਨ ਥਿੰਦ ਪਾਰਟੀ ਟਿਕਟ ਨਾ ਮਿਲਣ ਕਾਰਨ ਨਾਰਾਜ਼ ਸਨ। ਕਾਂਗਰਸ ਨੇ ਸੁਨਾਮ ਤੋਂ ਜਸਵਿੰਦਰ ਸਿੰਘ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ।

 



20 ਫਰਵਰੀ ਨੂੰ ਪੈਣਗੀਆਂ ਵੋਟਾਂ

ਦਮਨ ਨੇ ਕਿਹਾ, 'ਮੈਨੂੰ ਪਾਰਟੀ 'ਚ ਹੋਰ ਅਹੁਦੇ ਦੇਣ ਲਈ ਕਿਹਾ ਜਾ ਰਿਹਾ ਹੈ। ਅਜਿਹਾ ਪਹਿਲਾਂ ਵੀ ਕੀਤਾ ਜਾ ਸਕਦਾ ਸੀ। ਲੋਕ ਮੇਰੇ ਨਾਲ ਜੁੜੇ ਹੋਏ ਹਨ ਅਤੇ ਮੈਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਲਈ ਕਿਹਾ ਜਾ ਰਿਹਾ ਹੈ। ਮੇਰੇ ਖਿਲਾਫ ਝੂਠੇ ਬਿਆਨ ਦਿੱਤੇ ਜਾ ਰਹੇ ਹਨ। ਮੈਂ ਚੋਣ ਜ਼ਰੂਰ ਲੜਾਂਗੀ।'


ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ 1 ਫਰਵਰੀ ਨੂੰ ਬੰਦ ਹੋ ਗਈ ਸੀ। ਉਮੀਦਵਾਰ 4 ਫਰਵਰੀ ਤੱਕ ਆਪਣੇ ਕਾਗਜ਼ ਵਾਪਸ ਲੈ ਸਕਦੇ ਹਨ। ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਲਈ 20 ਫਰਵਰੀ ਨੂੰ ਵੋਟਾਂ ਪੈਣਗੀਆਂ।