Punjab BJP Operation Lotus : ਪੰਜਾਬ ਦੀ ਆਮ ਆਦਮੀ ਪਾਰਟੀ (AAP) ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ 'ਤੇ ਵੱਡਾ ਦੋਸ਼ ਲਾਇਆ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਵੱਲੋਂ ਆਪਰੇਸ਼ਨ ਲੋਟਸ ਚਲਾਇਆ ਗਿਆ ਅਤੇ ਭਾਜਪਾ ਸਾਡੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ। ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਭਾਜਪਾ 'ਆਪ' ਦੇ ਹਰੇਕ ਵਿਧਾਇਕ ਨੂੰ 25-25 ਕਰੋੜ ਰੁਪਏ ਦੀ ਆਫ਼ਰ ਦੇ ਰਹੀ ਹੈ।
ਇਸ ਨੂੰ ਲੈ ਕੇ 'ਆਪ' ਪੰਜਾਬ ਨੇ ਟਵੀਟ ਕੀਤਾ, "ਸੀਰੀਅਲ ਕਿਲਰ ਬੀਜੇਪੀ ਹੁਣ ਪੰਜਾਬ 'ਚ ਆਪਣਾ ਆਪਰੇਸ਼ਨ ਲੋਟਸ ਲੈ ਕੇ ਆਈ ਹੈ। ਪੰਜਾਬ 'ਚ 'ਆਪ' ਵਿਧਾਇਕਾਂ ਨੂੰ 25-25 ਕਰੋੜ ਰੁਪਏ ਦੀ ਪੇਸ਼ਕਸ਼ ਕਰ ਰਹੀ ਹੈ ਪਰ ਭਾਜਪਾ ਇਹ ਭੁੱਲ ਰਹੀ ਹੈ ਕਿ ਆਮ ਆਦਮੀ ਪਾਰਟੀ ਦਾ ਇੱਕ ਵੀ ਵਿਧਾਇਕ ਵਿਕਾਓ ਨਹੀਂ ਹੈ। ਦਿੱਲੀ ਦੀ ਤਰ੍ਹਾਂ ਪੰਜਾਬ ਵਿੱਚ ਵੀ ਭਾਜਪਾ ਦਾ ਆਪ੍ਰੇਸ਼ਨ ਫੇਲ ਹੋਵੇਗਾ।
'ਆਪ' ਦੇ ਵਿਧਾਇਕਾਂ ਨੂੰ ਵੱਡੇ ਅਹੁਦਿਆਂ ਦੀ ਵੀ ਕੀਤੀ ਪੇਸ਼ਕਸ਼
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੰਗਲਵਾਰ ਨੂੰ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਕਰਕੇ ਭਾਜਪਾ 'ਤੇ ਦੋਸ਼ ਲਾਇਆ ਕਿ ਉਹ 'ਆਪ' ਵਿਧਾਇਕਾਂ ਨੂੰ ਖਰੀਦ ਕੇ ਪੰਜਾਬ 'ਚ 'ਆਪ' ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਪੰਜਾਬ ਵਿੱਚ ਆਪ੍ਰੇਸ਼ਨ ਲੋਟਸ ਲਈ ਕੇਂਦਰੀ ਏਜੰਸੀਆਂ ਦੇ ਨਾਲ-ਨਾਲ ਪੈਸਾ ਵੀ ਵਰਤ ਰਹੀ ਹੈ। ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਭਾਜਪਾ ਨੇ 'ਆਪ' ਤੋਂ ਵੱਖ ਹੋਣ ਲਈ ਸਾਡੇ ਵਿਧਾਇਕਾਂ ਨੂੰ 25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ। ਇੰਨਾ ਹੀ ਨਹੀਂ ਭਾਜਪਾ ਨੇ ਇਨ੍ਹਾਂ ਵਿਧਾਇਕਾਂ ਨੂੰ ਵੱਡੇ ਅਹੁਦੇ ਦਾ ਲਾਲਚ ਵੀ ਦਿੱਤਾ ਹੈ। ਨਾਲ ਹੀ ਉਨ੍ਹਾਂ ਨੂੰ ਕਿਹਾ ਕਿ ਜੇਕਰ ਤੁਹਾਨੂੰ ਹੋਰ ਵਿਧਾਇਕ ਮਿਲ ਜਾਂਦੇ ਹਨ ਤਾਂ ਤੁਹਾਨੂੰ 75 ਕਰੋੜ ਰੁਪਏ ਦਿੱਤੇ ਜਾਣਗੇ।
AAP ਦੇ ਕਰੀਬ 10 ਵਿਧਾਇਕਾਂ ਨਾਲ ਕੀਤਾ ਸੰਪਰਕ
ਭਾਜਪਾ 'ਤੇ ਦੋਸ਼ ਲਗਾਉਂਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਆਗੂ 'ਆਪ' ਵਿਧਾਇਕਾਂ ਨੂੰ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਸਰਕਾਰ ਨੂੰ ਡੇਗਣ ਲਈ ਸਿਰਫ਼ 35 ਵਿਧਾਇਕਾਂ ਦੀ ਲੋੜ ਹੈ। ਉਹ ਅਜਿਹਾ ਇਸ ਲਈ ਕਹਿ ਰਹੇ ਹਨ ਕਿਉਂਕਿ ਕਾਂਗਰਸੀ ਵਿਧਾਇਕ ਪਹਿਲਾਂ ਹੀ ਉਨ੍ਹਾਂ ਦੇ ਸੰਪਰਕ ਵਿੱਚ ਹਨ। ਚੀਮਾ ਨੇ ਕਿਹਾ ਕਿ ਭਾਜਪਾ ਨੇ ਪੰਜਾਬ ਵਿੱਚ ‘ਆਪ’ ਦੇ ਸੱਤ ਤੋਂ 10 ਵਿਧਾਇਕਾਂ ਨਾਲ ਸੰਪਰਕ ਕੀਤਾ ਹੈ, ਹਾਲਾਂਕਿ ਚੀਮਾ ਨੇ ਇਨ੍ਹਾਂ ਵਿਧਾਇਕਾਂ ਦਾ ਨਾਂ ਨਹੀਂ ਲਿਆ।