ਸੰਮੀ: ਇਹ ਸਾਂਝੇ ਪੰਜਾਬ ਦਾ ਇਸਤਰੀਆਂ ਦਾ ਪ੍ਰਸਿੱਧ ਲੋਕ-ਨਾਚ ਹੈ। ਇਹ ਪਾਕਿਸਤਾਨੀ ਪੰਜਾਬ ਦੇ ਸਾਂਦਲਬਾਰ ਇਲਾਕੇ ਵਿੱਚ ਇਸਤਰੀਆਂ ਦਾ ਹਰਮਨ ਪਿਆਰਾ ਲੋਕ ਨਾਚ ਹੈ।
ਸੰਮੀ ਲੋਕ-ਨਾਚ ਦੇ ਜਨਮ ਤੇ ਪ੍ਰਫੁਲਿਤ ਹੋਣ ਸਬੰਧੀ ਵੀ ਕਈ ਧਾਰਨਾਵਾਂ ਤੇ ਦੰਤ-ਕਥਾਵਾਂ ਪ੍ਰਚਲਿਤ ਹਨ। ਇੱਕ ਧਾਰਨਾ ਇਹ ਹੈ ਕਿ ਸੰਮੀ ਨਾਮਕ ਦਰਖ਼ਤ ਦੀ ਲੱਕੜ ਦੀ ਅੱਗ ਬਾਲ ਕੇ ਉਸ ਦੇ ਦੁਆਲੇ ਨੱਚਣ ਵਾਲੇ ਨਾਚ ਦਾ ਨਾਂ 'ਸੰਮੀ' ਪ੍ਰਚਲਿਤ ਹੋ ਗਿਆ। ਦੂਜੀ ਧਾਰਨਾ ਇਹ ਹੈ ਕਿ ਸੰਮੀ ਨਾਂ ਦੀ ਕੁੜੀ ਆਪਣੇ ਢੋਲੇ ਦੇ ਵਿਯੋਗ ਵਿੱਚ ਨੱਚ ਨੱਚ ਖੀਵੀ ਹੋ ਜਾਂਦੀ ਹੈ। ਪਤੀ ਦੇ ਵਿਯੋਗ ਵਿੱਚ ਸੰਮੀ ਦੇ ਦਿਲੋਂ ਨਿਕਲੇ ਬੋਲਾਂ ਨੇ ਸੰਮੀ ਨਾਚ ਦੀਆਂ ਬੋਲੀਆਂ ਦਾ ਰੂਪ ਧਾਰ ਲਿਆ।
ਜਿਵੇਂ:
'ਕੋਠੇ ਉੱਤੇ ਕੋਠੜਾ ਨੀ ਸੰਮੀਏ
ਕੋਠੇ ਤਪੇ ਤੰਦੂਰ ਨੀ ਸੰਮੀਏ
ਗਿਣ-ਗਿਣ ਲਾਵਾਂ ਪੂਰ ਨੀ ਸੰਮੀਏ
ਖਾਵਣ ਵਾਲਾ ਦੂਰ ਨੀ ਸੰਮੀਏ
ਸੰਮੀ ਮੇਰੀ ਵਾਰ ਮੈਂ ਵਾਰੀ
ਮੈਂ ਵਾਰੀ ਮੇਰੀ ਸੰਮੀਏ'
ਇਸ ਨਾਚ ਵਿੱਚ ਕੁੜੀਆਂ ਬਾਹਾਂ ਵਿੱਚ ਬਾਹਾਂ ਪਾ ਕੇ ਇੱਕ ਪੈਰ ਨਾਲ ਤਾਲ ਦਿੰਦੀਆਂ ਹਨ ਤੇ ਨਾਲ ਦੀ ਨਾਲ ਇੱਕ ਚੱਕਰ ਦੀ ਸ਼ਕਲ ਵਿੱਚ ਘੁੰਮਣਾ ਸ਼ੁਰੂ ਕਰ ਦਿੰਦੀਆਂ ਹਨ। ਆਮ ਤੌਰ ’ਤੇ ਸੰਮੀ ਲਈ ਢੋਲਕੀ ਨੂੰ ਸਾਜ਼ ਦੇ ਤੌਰ ’ਤੇ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਚੁਟਕੀਆਂ ਤੇ ਪੈਰਾਂ ਦੀ ਥਾਪ ਆਦਿ ਨਾਲ ਤਾਲ ਸਿਰਜ ਲੈਂਦੀਆ ਹਨ। ਇਸ ਲੋਕ ਨਾਚ ਦੀਆਂ ਬੋਲੀਆਂ ਵਿਯੋਗ ਤੇ ਵਿਛੋੜੇ 'ਤੇ ਆਧਾਰਤ ਹੁੰਦੀਆਂ ਹਨ।
ਸੰਮੀ ਲੋਕ-ਨਾਚ ਨੱਚਦੀਆਂ ਘੇਰੇ ਵਿੱਚੋਂ ਕੁਝ ਕੁ ਕੁੜੀਆਂ ਖਲ੍ਹੋ ਕੇ, ਉੱਪਰ ਵੱਲ ਹੱਥ ਤੇ ਬਾਹਾਂ ਕਰਦੀਆਂ ਹਨ ਤੇ ਫਿਰ ਕਿਸੇ ਪੰਛੀ ਨੂੰ ਆਵਾਜ਼ ਮਾਰਨ ਦਾ ਸੰਕੇਤ ਕਰਦੀਆਂ ਹੋਈਆਂ ਬੋਲੀਆਂ ਉਚਾਰਦੀਆਂ ਹਨ।
ਇਸ ਨਾਚ ਨੂੰ ਕਰਨ ਸਮੇਂ ਔਰਤਾਂ ਕੁੜਤਾ ਤੇ ਲੰਬਾ ਲਹਿੰਗਾ ਪਾਉਂਦੀਆਂ ਹਨ। ਇਸ ਤੋਂ ਇਲਾਵਾ ਚਾਂਦੀ ਰੰਗੇ ਗਹਿਣੇ ਸ਼ਿੰਗਾਰ ਬਣਦੇ ਹਨ।
ਲਹਿੰਦੇ ਪੰਜਾਬ ਪਾਕਿਸਤਾਨ 'ਚ ਅੱਜ ਵੀ ਇਹ ਲੋਕ-ਨਾਚ ਹਰਮਨ-ਪਿਆਰਾ ਹੈ ਪਰ ਚੜ੍ਹਦੇ ਪੰਜਾਬ ਭਾਰਤ ਵਾਲੇ ਪਾਸੇ ਇਹ ਸਿਰਫ਼ ਫ਼ਿਲਮਾਂ, ਗੀਤਾਂ ਤੇ ਇਸ ਤੋਂ ਇਲਾਵਾ ਯੂਥ ਫੈਸਟੀਵਲ 'ਚ ਹੋਣ ਵਾਲੇ ਪ੍ਰੋਗਰਾਮਾਂ ਤਕ ਸੀਮਤ ਹੋ ਕੇ ਰਹਿ ਗਿਆ ਹੈ।