ਚੰਡੀਗੜ੍ਹ: ਪੰਜਾਬ ਦੀਆਂ ਸਰਕਾਰੀ ਬੱਸਾਂ ਦੀ ਦਿੱਲੀ ਏਅਰਪੋਰਟ ‘ਚ ਐਂਟਰੀ ਨਹੀਂ ਮਿਲਦੀ। ਦੂਜੇ ਪਾਸੇ ਬਾਦਲ ਪਰਿਵਾਰ ਦੀਆਂ ਬੱਸਾਂ ਖੂਬ ਕਮਾਈ ਕਰ ਰਹੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਯਾਤਰੀਆਂ ਨੂੰ ਬਾਦਲ ਪਰਿਵਾਰ ਦੀ ਕੰਪਨੀ ਇੰਡੋ-ਕੈਨੇਡੀਅਨ ਦੀਆਂ ਲਗਜ਼ਰੀ ਬੱਸਾਂ ਵਿੱਚ ਦੁਗਣਾ ਕਿਰਾਇਆ ਦੇ ਕੇ ਜਾਣਾ ਪੈਂਦੇ ਹੈ।
ਹਾਸਲ ਜਾਣਕਾਰੀ ਮੁਤਾਬਕ ਬਾਦਲ ਪਰਿਵਾਰ ਦੀਆਂ ਇੰਡੋ-ਕੈਨੇਡੀਅਨ ਬੱਸਾਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਸਿੱਧੀਆਂ ਜਾ ਰਹੀਆਂ ਹਨ, ਜਦਕਿ ਪੰਜਾਬ ਸਰਕਾਰ ਦੀਆਂ ਬੱਸਾਂ ਨੂੰ ਦਿੱਲੀ ਬੱਸ ਸਟੈਂਡ ਤੋਂ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ। ਵਿਦੇਸ਼ ਤੋਂ ਆਉਣ ਜਾਣ ਵਾਲੇ ਲੋਕਾਂ ਨੂੰ 1050 ਰੁਪਏ ਦੀ ਥਾਂ 2500 ਤੋਂ 3000 ਹਜ਼ਾਰ ਰੁਪਏ ਤੱਕ ਦਾ ਕਿਰਾਇਆ ਦੇਣਾ ਪੈ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਵੀ ਹਰ ਮਹੀਨੇ ਇੱਕ ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ।
ਪ੍ਰਸਿੱਧ ਹਿੰਦੀ ਅਖਬਾਰ ਦੀ ਰਿਪੋਰਟ ਮੁਤਾਬਕ ਪੰਜਾਬ ਰੋਡਵੇਜ਼ ਵੱਲੋਂ ਦਿੱਲੀ ਹਵਾਈ ਅੱਡੇ ਲਈ 10 ਪਨਬੱਸ ਬੱਸਾਂ ਤੇ 6 ਪੀਆਰਟੀਸੀ ਵੋਲਵੋ ਬੱਸਾਂ ਚਲਾਈਆਂ ਜਾਂਦੀਆਂ ਸਨ, ਜੋ ਹੁਣ ਸਿਰਫ਼ ਨਵੀਂ ਦਿੱਲੀ ਬੱਸ ਸਟੈਂਡ ਤੱਕ ਹੀ ਜਾਂਦੀਆਂ ਹਨ। ਇਸ ਦੇ ਨਾਲ ਹੀ ਇੰਡੋ-ਕੈਨੇਡੀਅਨ ਦੀਆਂ ਕਰੀਬ 27 ਬੱਸਾਂ ਸਿੱਧੀਆਂ ਏਅਰਪੋਰਟ ਵੱਲ ਜਾ ਰਹੀਆਂ ਹਨ।
ਪੰਜਾਬ ਸਰਕਾਰ ਨੇ ਫੈਸਲਾ ਕੀਤਾ ਸੀ ਕਿ ਦਿੱਲੀ ਏਅਰਪੋਰਟ ਤੱਕ ਵੋਲਵੋ ਬੱਸਾਂ ਚਲਾਈਆਂ ਜਾਣ ਤਾਂ ਜੋ ਏਅਰਪੋਰਟ ਆਉਣ ਵਾਲੇ ਯਾਤਰੀਆਂ ਨੂੰ ਇਸ ਦਾ ਫਾਇਦਾ ਮਿਲ ਸਕੇ। ਟਿਕਟ ਦਾ ਰੇਟ 1050 ਰੁਪਏ ਸੀ, ਜਦੋਂਕਿ ਬਾਦਲ ਪਰਿਵਾਰ ਦੀ ਇੰਡੋ ਕੈਨੇਡੀਅਨ ਬੱਸ ਦੀ ਟਿਕਟ 2500 ਰੁਪਏ ਤੋਂ ਘੱਟ ਨਹੀਂ।
NRI ਹੱਬ ਜਲੰਧਰ, ਅੰਮ੍ਰਿਤਸਰ, ਕਪੂਰਥਲਾ, ਹੁਸ਼ਿਆਰਪੁਰ ਤੋਂ ਵੋਲਵੋ ਬੱਸਾਂ ਚਲਾਈਆਂ ਗਈਆਂ। ਹੁਣ ਪੰਜਾਬ ਸਰਕਾਰ ਬਾਦਲ ਪਰਿਵਾਰ ਦੀਆਂ ਬੱਸਾਂ ਵੱਲ ਅੱਖਾਂ ਮੀਟੀ ਬੈਠੀ ਹੈ, ਜਦਕਿ ਆਪਣੀ ਹੀ ਸਰਕਾਰੀ ਬੱਸਾਂ ਦੇ ਪਹੀਏ ਜਾਮ ਹਨ। ਦਿੱਲੀ ਸਰਕਾਰ ਨੇ ਪੰਜਾਬ ਸਰਕਾਰ ਦੀਆਂ ਬੱਸਾਂ ਨੂੰ ਦਿੱਲੀ ਏਅਰਪੋਰਟ ਤੱਕ ਜਾਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾ ਦਿੱਤੀ ਹੈ ਪਰ ਬਾਦਲ ਪਰਿਵਾਰ ਦੀਆਂ ਬੱਸਾਂ ਸਿੱਧਾ ਦਿੱਲੀ ਏਅਰਪੋਰਟ ਤੱਕ ਚੱਲ ਰਹੀਆਂ ਹਨ।
ਬਾਦਲ ਪਰਿਵਾਰ ਦੀਆਂ ਬੱਸਾਂ ਟੂਰਿਸਟ ਪਰਮਿਟ 'ਤੇ ਚੱਲ ਰਹੀਆਂ ਹਨ, ਹਾਲਾਂਕਿ ਇਸ ਲਈ ਰਾਜ ਕੈਰੀਅਰ ਦੀ ਲੋੜ ਹੁੰਦੀ ਹੈ। 1993 ਦੇ ਨਿਯਮਾਂ ਅਨੁਸਾਰ ਟੂਰਿਸਟ ਪਰਮਿਟ 'ਤੇ ਟੂਰਿਸਟ ਸਰਕਟ 'ਤੇ ਸਿਰਫ਼ ਯਾਤਰੀਆਂ ਨੂੰ ਹੀ ਬਿਠਾਇਆ ਜਾ ਸਕਦਾ ਹੈ ਪਰ ਇੰਡੋ-ਕੈਨੇਡੀਅਨ ਬੱਸਾਂ ਇਸ ਪਰਮਿਟ ਨੂੰ ਸਟੇਜ ਕੈਰੇਜ਼ ਪਰਮਿਟ ਵਜੋਂ ਵਰਤ ਕੇ ਥਾਂ-ਥਾਂ ਤੋਂ ਯਾਤਰੀਆਂ ਨੂੰ ਚੁੱਕ ਕੇ ਸਿੱਧੇ ਹਵਾਈ ਅੱਡੇ 'ਤੇ ਲੈ ਜਾ ਰਹੀਆਂ ਹਨ। ਇੰਨਾ ਹੀ ਨਹੀਂ ਇਸ ਦੀਆਂ ਟਿਕਟਾਂ ਵੀ ਆਨਲਾਈਨ ਵੇਚੀਆਂ ਜਾ ਰਹੀਆਂ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/