Punjab News: ਸਾਰੇ ਪੰਜਾਬ ਵਿੱਚ ਝੋਨੇ ਦੀ ਬਿਜਾਈ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਕਈ ਇਲਾਕਿਆਂ ਵਿੱਚ ਬਿਜਲੀ ਦੇ ਕੱਟ ਲੱਗਣੇ ਵੀ ਸ਼ੁਰੂ ਹੋ ਗਏ ਹਨ। ਅੰਮ੍ਰਿਤਸਰ, ਤਰਨ ਤਾਰਨ ਤੇ ਹੋਰ ਸਰਹੱਦ ਇਲਾਕਿਆਂ ਵਿੱਚ ਬਿਜਲੀ ਕੱਟ ਲੱਗਣ ਦੀਆਂ ਰਿਪੋਰਟਾਂ ਹਨ। ਇਸ ਪਿੱਛੇ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਪਾਵਰਕੌਮ ਖੇਤੀ ਲਈ ਬਿਜਲੀ ਦੇਣ ਲਈ ਘਰੇਲੂ ਸਪਲਾਈ 'ਚ ਕੱਟ ਲਗਾਉਣ ਲਈ ਮਜ਼ਬੂਰ ਹੈ। ਉਂਂਝ ਪਾਵਰਕੌਮ ਨੇ ਦਾਅਵਾ ਕੀਤਾ ਹੈ ਕਿ ਰਿਕਾਰਡ ਮੰਗ ਹੋਣ ਦੇ ਬਾਵਜੂਦ ਬਿਜਲੀ ਦੀ ਪੂਰਤੀ ਕੀਤੀ ਜਾ ਰਹੀ ਹੈ।



ਦੱਸ ਦਈਏ ਕਿ ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਅਤਿ ਦੀ ਗਰਮੀ ਪੈ ਰਹੀ ਹੈ। ਝੋਨੇ ਦੀ ਲੁਆਈ ਤੇ ਗਰਮੀ ਕਾਰਨ ਬਿਜਲੀ ਦੀ ਖਪਤ ਵਿੱਚ ਲਗਾਤਾਰ ਵਾਧਾ ਹੋਇਆ ਹੈ। ਇਸ ਕਾਰਨ ਸਰਹੱਦੀ ਖੇਤਰਾਂ ਵਿੱਚ ਬਿਜਲੀ ਕੱਟ ਲਗਾਤਾਰ ਲੱਗ ਰਹੇ ਹਨ। ਇਸ ਮਸਲੇ ਉੱਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਟਵੀਟ ਕਰਕੇ ਪੰਜਾਬ ਸਰਕਾਰ ਉਤੇ ਤੰਜ ਕੱਸਿਆ ਹੈ। ਅੰਮ੍ਰਿਤਸਰ 'ਚ ਪਿਛਲੇ ਕਈ ਦਿਨਾਂ ਤੋਂ ਲੱਗ ਰਹੇ ਬਿਜਲੀ ਕੱਟਾਂ ਕਾਰਨ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਟਵੀਟ ਕੀਤਾ ਹੈ।






 


ਉਂਝ ਕੱਟ ਲਾਉਣ ਦੀ ਇਹ ਮਜ਼ਬੂਰੀ ਕੇਂਦਰ ਸਰਕਾਰ ਕਰਕੇ ਬਣੀ ਹੈ। ਦਰਅਸਲ ਕੇਂਦਰ ਸਰਕਾਰ ਨੇ ਪੰਜਾਬ ਨੂੰ ਕੇਂਦਰੀ ਪੂਲ ਤੋਂ ਇੱਕ ਹਜ਼ਾਰ ਮੈਗਾਵਾਟ ਵਾਧੂ ਬਿਜਲੀ ਦੇਣ 'ਤੇ ਹਾਲੇ ਤੱਕ ਫੈਸਲ ਨਹੀਂ ਲਿਆ। ਇਸ ਕਰਕੇ ਪੰਜਾਬ ਵਿੱਚ ਗਰਮੀਆਂ ਦੇ ਦਿਨਾਂ ਵਿੱਚ ਲੰਬੇ ਲੰਬੇ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ। ਕੇਂਦਰੀ ਪੂਲ ਤੋਂ ਇੱਕ ਹਜ਼ਾਰ ਮੈਗਾਵਾਟ ਬਿਜਲੀ ਨਾ ਮਿਲਣ ਕਾਰਨ ਪਾਵਰਕੌਮ ਨੇ ਇਸ ਦੇ ਟਾਕਰੇ ਲਈ ਬਦਲਵੇਂ ਵਸੀਲੇ ਵਰਤਣੇ ਸ਼ੁਰੂ ਕਰ ਦਿੱਤੇ ਹਨ।


ਹਲਾਂਕਿ ਕੇਂਦਰ ਸਰਕਾਰ ਨੇ ਪਿਛਲੇ ਸਾਲ ਕੇਂਦਰੀ ਪੂਲ ਵਿੱਚੋਂ ਝੋਨੇ ਦੇ ਸੀਜ਼ਨ ਲਈ 1500 ਮੈਗਾਵਾਟ ਬਿਜਲੀ ਮੱਧ ਜੂਨ ਤੋਂ ਦੇਣੀ ਸ਼ੁਰੂ ਕਰ ਦਿੱਤੀ ਸੀ। ਇਸ ਵਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਊਰਜਾ ਮੰਤਰਾਲੇ ਨੂੰ ਪੱਤਰ ਲਿਖ ਕੇ ਝੋਨੇ ਦੇ ਸੀਜ਼ਨ ਲਈ 15 ਜੂਨ ਤੋਂ 15 ਅਕਤੂਬਰ ਤੱਕ 1000 ਮੈਗਾਵਾਟ ਵਾਧੂ ਬਿਜਲੀ ਦੀ ਮੰਗ ਕੀਤੀ ਪਰ ਕੇਂਦਰ ਸਰਕਾਰ ਨੇ ਹਾਲੇ ਤੱਕ ਇਸ ਬਾਰੇ ਕੋਈ ਹੁੰਗਾਰਾ ਨਹੀਂ ਭਰਿਆ ਹੈ। 



ਇਸ ਵੇਲੇ ਪੰਜਾਬ ਦੇ ਖੇਤੀ ਸੈਕਟਰ ਵਿੱਚ ਬਿਜਲੀ ਦੀ ਮੰਗ ਦਾ ਅੰਕੜਾ 15 ਹਜ਼ਾਰ ਮੈਗਾਵਾਟ ਨੂੰ ਪਾਰ ਕਰ ਗਿਆ ਹੈ। ਸਮੁੱਚੇ ਪੰਜਾਬ ਵਿੱਚ ਝੋਨੇ ਦੀ ਲੁਆਈ ਸ਼ੁਰੂ ਹੋ ਗਈ ਹੈ ਤੇ ਬਿਜਲੀ ਦੀ ਮੰਗ 'ਚ ਵੀ ਇਕਦਮ ਵਾਧਾ ਹੋਇਆ ਹੈ ਜਿਸ ਨਾਲ ਪੰਜਾਬ ਸਰਕਾਰ ਲਈ ਇੱਕ ਵੱਡੀ ਚੁਣੌਤੀ ਬਣ ਗਿਆ ਹੈ। 


ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲ ਕੇ ਵੀ ਪਾਵਰਕੌਮ ਬਿਜਲੀ ਦੀ ਬਚਤ ਨਹੀਂ ਕਰ ਪਾ ਰਿਹਾ ਹੈ।  ਹੁਣ ਪਾਵਰਕੌਮ ਨੇ ਪੰਜਾਬ ਦੇ 6777 ਖੇਤੀ ਫੀਡਰਾਂ ਤੋਂ ਖੇਤੀ ਸੈਕਟਰ ਨੂੰ 8 ਘੰਟੇ ਬਿਜਲੀ ਸਪਲਾਈ ਦੇਣ ਵਾਸਤੇ ਸਾਰੇ ਵਸੀਲੇ ਵਰਤ ਲਏ ਹੈ। ਪਾਵਰਕੌਮ ਨੇ ਸਰਦੀਆਂ ਵਿੱਚ ਉਧਾਰ ਬਿਜਲੀ ਦਿੱਤੀ ਸੀ ਜਿਸ ਦੀ ਵਾਪਸੀ ਹੁਣ ਲਈ ਜਾ ਰਹੀ ਹੈ। 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।