ਗੁਰਦਾਸਪੁਰ: ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਰੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹੁਕਮ ਦਿੱਤੇ ਸਨ ਕਿ ਸਾਰੇ 9 ਵਜੇ ਤਕ ਅਪਣੇ ਦਫਤਰਾਂ ਦੇ ਵਿੱਚ ਹਾਜ਼ਰ ਰਿਹਾ ਕਰਨ, ਪਰ ਸਰਕਾਰੀ ਅਧਿਕਾਰੀ ਦੇ ਹੁਕਮਾਂ ਨੂੰ ਟਿੱਚ ਜਾਣਦੇ ਹਨ।


ਇਸ ਤੋਂ ਅਲਾਵਾ ਗੱਲ ਕੀਤੀ ਜਾਵੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਤੇ ਨਵੇਂ ਬਣੇ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾਂ ਦੀ ਵੀ ਕੋਈ ਪ੍ਰਵਾਹ ਨਹੀਂ। ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਦੇ ਸਰਕਾਰੀ ਅਧਿਕਾਰੀ ਆਪਣੇ ਸਮੇਂ ਤੋਂ ਕਾਫੀ ਲੇਟ ਸਨ। ਜਦੋਂ ABP News ਦੀ ਟੀਮ ਐਸਡੀਐਮ ਦਫਤਰ ਵਿੱਚ ਪਹੁੰਚੀ ਤਾਂ ਐਸਡੀਐਮ ਸ਼ਾਇਰੀ ਭੰਡਾਰੀ ਖੁਦ ਤੇ ਤਹਿਸੀਲਦਾਰ ਜਸਕਰਨ ਸਿੰਘ ਤੋਂ ਇਲਾਵਾਂ ਐਸਐਸਪੀ ਬਟਾਲਾ, ਬੀਡੀਪੀਓ ਸਮੇਤ ਕਈ ਅਧਿਕਾਰੀ ਆਪਣੇ ਦਫਤਰਾਂ ਤੋਂ ਗੈਰ ਹਾਜ਼ਰ ਰਹੇ।


ਦੇਖਣ ਵਿੱਚ ਆਇਆ ਕਿ ਦਫਤਰ ਵਿੱਚ ਅਫਸਰਾਂ ਦੀਆਂ ਤੇ ਕਰਮਚਾਰੀਆਂ ਦੀਆਂ ਕੁਰਸੀਆਂ ਸਮੇਤ ਦਫ਼ਤਰ ਖਾਲੀ ਨਜ਼ਰ ਆਏ। ਇਸ ਤੋਂ ਇਲਾਵਾ ਪੱਖੇ ਲਾਈਟਾਂ ਤੇ ਏਸੀ ਤਾਂ ਚੱਲ ਰਹੇ ਸੀ, ਪਰ ਅਫ਼ਸਰ ਕਿਤੇ ਨਜ਼ਰ ਨਹੀਂ ਆਏ। ਇਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਵੱਡੇ ਅਧਿਕਾਰੀਆਂ ਨੂੰ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਦੇ ਹੁਕਮਾਂ ਦੀ ਕੋਈ ਪ੍ਰਵਾਹ ਨਹੀਂ ਕਿਉਂਕਿ ਵੱਡੇ ਅਧਿਕਾਰੀ ਕਰੀਬ 10 ਵਜੇ ਤਕ ਦਫਤਰਾਂ ਵਿਚ ਹਾਜ਼ਰ ਨਹੀਂ ਸਨ।


ਇਸ ਮੌਕੇ ਨਾਇਬ ਤਹਿਸੀਲਦਾਰ ਅਰਚਨਾ ਸ਼ਰਮਾ ਨੇ ਕਿਹਾ ਕਿ ਉਹ ਥੋੜ੍ਹਾ ਹੀ ਲੇਟ ਹੀ ਪਹੁੰਚੇ ਹਨ, ਕਿਉਂਕਿ ਉਹ ਕਿਤੇ ਗਏ ਹੋਏ ਸਨ। ਉਨ੍ਹਾਂ ਨੇ ਕਿਹਾ ਮੁੱਖ ਮੰਤਰੀ ਦੇ ਹੁਕਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇਗੀ।


ਉਧਰ ਮੋਗਾ 'ਚ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ। ਜਿੱਥੇ ਕਈ ਥਾਵਾਂ ਤੇ ਦਫ਼ਤਰ ਖੁੱਲ੍ਹੇ ਸਨ ਪਰ ਕਰਮਚਾਰੀ ਨਹੀਂ ਸਨ। ਕਈ ਥਾਵਾਂ 'ਤੇ ਤਾਂ ਦਫ਼ਤਰ ਮੀਡੀਆ ਦੇ ਪਹੁੰਚਣ ਤੋਂ ਬਾਅਦ ਖੁੱਲ੍ਹੇ।


ਸਾਡੇ 'ਚੋਂ ਬਹੁਤ ਸਾਰੇ ਅਕਸਰ ਹੀ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਸਾਡੀਆਂ ਸਰਕਾਰਾਂ ਸਖ਼ਤ ਨਹੀਂ। ਚੰਗੇ ਨਿਯਮ ਨਹੀਂ ਬਣਾਏ ਜਾਂਦੇ। ਹੁਣ ਜੇਕਰ ਅਜਿਹਾ ਕੁਝ ਵਾਪਰਣ ਦੀ ਉਮੀਦ ਬੱਝੀ ਹੈ ਤਾਂ ਸਰਕਾਰੀ ਅਫ਼ਸਰਾਂ ਤੇ ਕਰਮਚਾਰੀਆਂ ਨੂੰ ਵੀ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ ਕਿ ਉਹ ਆਪਣੇ ਕੰਮ, ਆਪਣੇ ਫਰਜ਼, ਆਪਣੀ ਡਿਊਟੀ ਪ੍ਰਤੀ ਕਿੰਨੇ ਕੁ ਇਮਾਨਦਾਰ ਹਨ।