ਲੁਧਿਆਣਾ: ਪੰਜਾਬ ਸਰਕਾਰ ਨੇ ਵਾਤਾਵਰਣ ਨੂੰ ਬਚਾਉਣ ਲਈ 1 ਜੁਲਾਈ ਤੋਂ ਸਿੰਗਲ ਯੂਜ ਪਲਾਸਟਿਕ ਦੀ ਵਿਕਰੀ, ਸਟੋਰੇਜ ਅਤੇ ਵਰਤੋਂ 'ਤੇ ਮੁਕੰਮਲ ਪਬੰਧੀ ਲਗਾ ਦਿੱਤੀ ਗਈ ਹੈ। ਜਿਸ ਨੂੰ ਲੁਧਿਆਣਾ ਦੀ ਕੇਸਰਗੰਜ ਮੰਡੀ ਦੇ ਹੋਲਸੇਲ ਪਲਾਸਟਿਕ ਕੈਰੀਬੈਗ ਵਿਕਰੇਤਾਵਾਂ ਨੇ ਸ਼ਲਾਘਾਯੋਗ ਕਦਮ ਦੱਸਿਆ ਹੈ ਤੇ ਕਿਹਾ ਹੈ ਕਿ ਕਰੀਬ ਇੱਕ ਮਹੀਨਾ ਪਹਿਲਾਂ ਤੋਂ ਸਿੰਗਲ ਯੂਜ਼ ਪਲਾਸਟਿਕ ਦਾ ਉਤਪਾਦਨ ਬੰਦ ਹੋ ਗਿਆ ਹੈ।



ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਦੁਕਾਨਦਾਰ ਵੀ ਆਪਣਾ ਰੋਸ ਜ਼ਾਹਰ ਕਰ ਰਹੇ ਹਨ। ਦੁਕਾਨਦਾਰ ਪ੍ਰਿੰਸ ਨੇ ਦੱਸਿਆ ਕਿ ਉਹ ਪੋਲੀਥੀਨ ਦਾ ਕੰਮ ਕਰਦਾ ਹੈ ਪਰ ਸਰਕਾਰ ਦੇ ਇਸ ਫੈਸਲੇ ਨਾਲ ਉਨ੍ਹਾਂ ਨੂੰ ਕਾਫੀ ਨੁਕਸਾਨ ਹੋਇਆ ਹੈ।  ਸਰਕਾਰ ਨੂੰ ਪਾਲੀਥੀਨ 'ਤੇ ਪੂਰੀ ਤਰ੍ਹਾਂ ਪਾਬੰਦੀ ਨਹੀਂ ਲਗਾਉਣੀ ਚਾਹੀਦੀ। ਇਸ ਤੋਂ ਪਹਿਲਾਂ 50 ਮਾਈਕਰੋਨ ਦੇ ਲਿਫਾਫੇ ਬਣਾਉਣ ਦੀ ਇਜਾਜ਼ਤ ਦਿੱਤੀ ਗਈ ਸੀ। ਸਰਕਾਰ ਨੂੰ ਲਿਫਾਫੇ ਨੂੰ ਮੋਟਾ ਕਰਨਾ ਚਾਹੀਦਾ ਹੈ।

ਦੂਜੇ ਪਾਸੇ ਪੋਲੀਥੀਨ ਖਰੀਦਣ ਆਏ ਕੱਪੜੇ ਦੀ ਦੁਕਾਨ ਚਲਾਉਣ ਵਾਲੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਪੈਕਿੰਗ ਮਟੀਰੀਅਲ ਵਜੋਂ ਵਰਤਿਆ ਜਾਣ ਵਾਲਾ ਪਲਾਸਟਿਕ ਹੈ  ਜਦਕਿ ਸਰਕਾਰ ਨੇ ਕੈਰੀ ਬੈਗ ਬੰਦ ਕਰ ਦਿੱਤਾ ਹੈ।  ਇਸ ਨਾਲ ਸਬਜ਼ੀ ਜਾਂ ਕਰਿਆਨੇ ਦਾ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ ਨੂੰ ਫਰਕ ਪਵੇਗਾ। ਹਾਲਾਂਕਿ ਸਰਕਾਰ ਦਾ ਇਹ ਫੈਸਲਾ ਵਾਤਾਵਰਣ ਦੇ ਹਿੱਤ ਵਿੱਚ ਹੈ।

ਜ਼ਿਕਰਯੋਗ ਹੈ ਕਿ ਇਸ ਰੋਕ ਦਾ ਅਸਰ ਕੈਰੀ ਬੈਗ ਤੇ ਪਵੇਗਾ ਹਾਲਾਂਕਿ ਪੈਕਿੰਗ ਮਟੀਰੀਅਲ ਵਾਸਤੇ ਵਰਤੇ ਜਾਣ ਵਾਲੇ ਪਲਾਸਟਿਕ ਦੇ ਲਿਫ਼ਾਫ਼ੇ ਹਾਲੇ ਵੀ ਜਾਰੀ ਹਨ। ਥੋਕ ਵਿਕਰੇਤਾਵਾਂ, ਸਟਾਕ ਮਾਲਕਾਂ ਅਤੇ ਦੁਕਾਨਦਾਰਾਂ ਨੂੰ ਸਟਾਕ ਕਲੀਅਰ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਹੁਣ 1 ਜੁਲਾਈ ਤੋਂ ਹੋਟਲਾਂ, ਰੈਸਟੋਰੈਂਟਾਂ ਸਮੇਤ ਫੂਡ ਸਟਾਲਾਂ 'ਤੇ ਪਲਾਸਟਿਕ ਦੇ ਡਿਸਪੋਸੇਬਲ 'ਚ ਖਾਣਾ ਨਹੀਂ ਪਰੋਸਿਆ ਜਾਵੇਗਾ।

ਦੱਸ ਦੇਈਏ ਕਿ ਸਿੰਗਲ ਯੂਜ ਪਲਾਸਟਿਕ ਦੀ ਵਿਕਰੀ, ਸਟੋਰੇਜ ਅਤੇ ਵਰਤੋ 'ਤੇ ਮੁਕੰਮਲ ਤੌਰ 'ਤੇ ਪਾਬੰਦੀ ਲਗਾਉਣ ਲਈ ਕਾਰਵਾਈ ਕੀਤੀ ਜਾਵੇ। ਈਅਰ ਬੱਜ, ਪਲਾਸਟਿਕ ਸਟਿਕ ਫਾਰ ਬੈਲੂਨ, ਪਲਾਸਟਿਕ ਫਲੈਗ, ਕੈਂਡੀ ਸਟਿਕਸ, ਆਈਸ ਕ੍ਰੀਮ ਸਟਿਕਸ, ਪਲਾਸਟਿਕ ਪਲੇਟ, ਕੱਪ, ਗਲਾਸ, ਪਲਾਸਟਿਕ ਫੋਰਕ, ਸਪੂਨ, ਨਾਈਫ, ਸਟਰਾਅ, ਟ੍ਰੇਅ, ਰੈਪਿੰਗ/ਪੈਕਿੰਗ ਫਿਲਮ ਆਫ ਸਵੀਟ ਬਾਕਸ, ਇੰਵੀਟੇਨ ਕਾਰਡ, ਸਿਗਰੇਟ ਪੈਕੇਟ, ਪਲਾਸਟਿਕ/ਪੀਵੀਸੀ ਬੈਨਰ 100 ਮਾਈਕਰੋਨ ਤੋ ਘੱਟ ਤੇ ਪਲਾਸਟਿਕ ਕੈਰੀ ਬੈਗਜ ਆਦਿ ਮੁਕੰਮਲ ਤੌਰ 'ਤੇ ਬੰਦ ਹੋਣਗੇ।