Punjab News: ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵੱਡੇ ਲੀਡਰਾਂ ਤੋਂ 10 ਹਜ਼ਾਰ ਏਕੜ ਪੰਚਾਇਤੀ ਜ਼ਮੀਨ ਛੁਡਵਾਈ ਹੈ। ਇਹ ਦਾਅਵਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਰਵਾਇਤੀ ਪਾਰਟੀਆਂ ਦੇ ਲੀਡਰਾਂ ਨੇ ਵਾਰੀ ਸਿਰ 5-5 ਸਾਲ ਪੰਜਾਬ ਨੂੰ ਖ਼ੂਬ ਲੁੱਟਿਆ ਹੈ। ਇਨ੍ਹਾਂ ਨੇ ਜਿਹੜੇ ਪੰਜਾਬ ਦੇ ਨੋਟ ਖਾਧੇ ਹਨ, ਉਹ ਸਜ਼ਾ ਇਨ੍ਹਾਂ ਨੂੰ ਮਿਲੇਗੀ। ਉਨ੍ਹਾਂ ਨੇ ਵਿਅੰਗ ਕਰਦੇ ਹੋਏ ਕਿਹਾ ਕਿ ਅਜੇ ਤਾਂ ਲੋਕਾਂ ਨੇ ਵੋਟਾਂ ਵਾਲੀ ਸਜ਼ਾ ਦਿੱਤੀ ਹੈ, ਨੋਟਾਂ ਵਾਲੀ ਸਜ਼ਾ ਅਸੀਂ ਦੇਵਾਂਗੇ।



ਸੀਐਮ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਐਕਸ 'ਤੇ ਵੀਡੀਓ ਸੇਅਰ ਕਰਦਿਆਂ ਲਿਖਿਆ 10 ਹਜ਼ਾਰ ਏਕੜ ਪੰਚਾਇਤੀ ਜ਼ਮੀਨ ਵੱਡੇ ਲੀਡਰਾਂ ਦੇ ਕਬਜ਼ੇ 'ਚੋਂ ਅਸੀਂ ਛੁਡਵਾਈ ਹੈ...ਜਿਹੜੇ ਇਨ੍ਹਾਂ ਨੇ ਪੰਜਾਬ ਦੇ ਨੋਟ ਖਾਧੇ ਨੇ, ਉਹ ਸਜ਼ਾ ਇਨ੍ਹਾਂ ਨੂੰ ਮਿਲੇਗੀ..ਅਜੇ ਤਾਂ ਲੋਕਾਂ ਨੇ ਵੋਟਾਂ ਵਾਲੀ ਸਜ਼ਾ ਦਿੱਤੀ ਹੈ, ਨੋਟਾਂ ਵਾਲੀ ਸਜ਼ਾ ਅਸੀਂ ਦੇਵਾਂਗੇ... ਇਨ੍ਹਾਂ ਨੇ ਵਾਰੀ ਸਿਰ 5-5 ਸਾਲ ਪੰਜਾਬ ਨੂੰ ਖ਼ੂਬ ਲੁੱਟਿਆ ਹੈ...।






ਸੀਐਮ ਮਾਨ ਨੇ ਕਿਹਾ ਕਿ ਗੋਆ 'ਚ ਸਭ ਤੋਂ ਮਹਿੰਗੀ ਬੀਚ 'ਤੇ ਲਗਪਗ 9 ਏਕੜ ਜ਼ਮੀਨ ਪੰਜਾਬ ਦੀ ਪਈ ਹੈ ਜਿਸ ਨੂੰ ਪਿਛਲਿਆਂ ਨੇ ਮਹਿਜ਼ 13 ਲੱਖ ਰੁਪਏ ਸਾਲ ਦੇ ਠੇਕੇ 'ਤੇ ਦੇ ਰੱਖਿਆ ਸੀ। ਹੁਣ ਉਸ ਨੂੰ ਕੈਂਸਲ ਕਰ ਦਿੱਤਾ ਗਿਆ ਤੇ ਹਿਆਤ ਵਾਲਿਆਂ ਨਾਲ ਹੋਟਲ ਬਣਾਉਣ ਲਈ ਗੱਲ ਚੱਲ ਰਹੀ ਹੈ। ਪਿਛਲਿਆਂ ਨੇ ਪੰਜਾਬ ਵੱਲ ਧਿਆਨ ਦੇਣ ਦੀ ਬਜਾਏ ਆਪਣੇ ਵੱਲ ਧਿਆਨ ਦਿੱਤਾ।


ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 25 ਸਾਲਾਂ ਵਿੱਚ ਸੂਬੇ ਵਿੱਚ ਸਿਰਫ ਦੋ ਵਿਅਕਤੀਆਂ ਨੇ ਰਾਜ ਕੀਤਾ ਹੈ ਤੇ ਆਪਣੇ ਨਿੱਜੀ ਹਿੱਤਾਂ ਲਈ ਸੂਬੇ ਦੇ ਵਸੀਲਿਆਂ ਦੀ ਰੱਜ ਕੇ ਦੁਰਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਦੋ ਇੱਕ ਪਰਿਵਾਰ ਦੇ ਸਨ ਜਦੋਂਕਿ ਦੋ ਦੂਜੇ ਪਰਿਵਾਰ ਦੇ ਸਨ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਸੂਬੇ ਨੂੰ ਬੇਰਹਿਮੀ ਨਾਲ ਲੁੱਟਿਆ ਹੈ, ਜਿਸ ਨਾਲ ਸੂਬੇ ਦੇ ਵਿਕਾਸ ਵਿਚ ਰੁਕਾਵਟ ਆ ਰਹੀ ਹੈ।


ਸ਼੍ਰੋਮਣੀ ਅਕਾਲੀ ਦਲ ਦੀ ‘ਪੰਜਾਬ ਬਚਾਓ ਯਾਤਰਾ’ ‘ਤੇ ਤਨਜ਼ ਕੱਸਦਿਆਂ ਮੁੱਖ ਮੰਤਰੀ ਨੇ ਅਕਾਲੀ ਆਗੂਆਂ ਨੂੰ ਇਹ ਦੱਸਣ ਦੀ ਚੁਣੌਤੀ ਦਿੱਤੀ ਕਿ ਉਹ 15 ਸਾਲਾਂ ਤੋਂ ਸੂਬੇ ਨੂੰ ਅੰਨ੍ਹੇਵਾਹ ਲੁੱਟਣ ਤੋਂ ਬਾਅਦ ਹੁਣ ਕਿਸ ਤੋਂ ਸੂਬੇ ਨੂੰ ਬਚਾਉਣ ਦਾ ਹੋ-ਹੱਲਾ ਮਚਾ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਸੂਬੇ ਦੇ ਖਜ਼ਾਨੇ ਦੀ ਲੁੱਟ ਕੀਤੀ ਤੇ ਪੰਜਾਬੀਆਂ ਦੇ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚਾਈ ਤੇ ਇੱਥੋਂ ਤੱਕ ਕਿ ਸੂਬੇ ਅੰਦਰ ਵੱਡੇ ਮਾਫੀਏ ਦੀ ਪੁਸ਼ਤਪਨਾਹੀ ਵੀ ਕੀਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕ ਅਕਾਲੀਆਂ ਅਤੇ ਬਾਦਲ ਪਰਿਵਾਰ ਦੇ ਦੋਗਲੇ ਕਿਰਦਾਰ ਤੋਂ ਭਲੀ-ਭਾਂਤ ਜਾਣੂ ਹਨ, ਜਿਸ ਕਾਰਨ ਹੁਣ ਇਨ੍ਹਾਂ ਦੀਆਂ ਨੌਟੰਕੀਆਂ ਨਹੀਂ ਚੱਲਣਗੀਆਂ।