ਖੰਨਾ: ਪੰਜਾਬ ਸਰਕਾਰ ਲਈ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ। ਸਰਕਾਰ ਦੇ ਕੱਚੇ ਮੁਲਾਜ਼ਮਾਂ ਨੇ ਖੰਨਾ ਵਿੱਚ ਫਿਰ NH-1 'ਤੇ ਟੈਂਟ ਲਾ ਕੇ ਮੋਰਚਾ ਖੋਲ੍ਹ ਦਿੱਤਾ ਹੈ। ਕੱਚੇ ਮੁਲਾਜ਼ਮਾਂ ਨੇ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਹੈ। ਹਾਲਾਤ ਨੂੰ ਵੇਖਦਿਆਂ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਮੁਲਾਜ਼ਮਾਂ ਦੇ ਲੀਡਰਾਂ ਨੂੰ 11 ਵਜੇ ਮੀਟਿੰਗ ਲਈ ਚੰਡੀਗੜ੍ਹ ਬੁਲਾਇਆ ਹੈ।


ਦੱਸ ਦਈਏ ਕਿ ਪ੍ਰਦਰਸ਼ਨਕਾਰੀਆਂ ਨੂੰ ਕਿਸਾਨ ਜਥੇਬੰਦੀ ਬੀਕੇਯੂ (ਉਗਰਾਹਾਂ) ਦਾ ਵੀ ਸਮਰਥਨ ਮਿਲਿਆ ਹੈ। ਇਸ ਲਈ ਸੰਘਰਸ਼ ਲੰਬਾ ਚੱਲਣ ਦੇ ਆਸਾਰ ਵਧ ਗਏ ਹਨ। ਜਾਮ ਕਰਕੇ ਲੋਕਾਂ ਨੂੰ ਕਾਫੀ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਟ੍ਰੈਫਿਕ ਨੂੰ ਬਦਲਵੇਂ ਰਾਹਾਂ ਉੱਪਰ ਮੋੜ ਦਿੱਤਾ ਗਿਆ ਹੈ।


ਪਿਛਲੇ ਮਹੀਨੇ 17-18 ਦਸੰਬਰ ਨੂੰ ਵੀ NH-1 ਨੂੰ ਜਾਮ ਕਰ ਦਿੱਤਾ ਗਿਆ ਸੀ। ਉਦੋਂ ਸਰਕਾਰ ਨੇ ਇਨ੍ਹਾਂ ਜਥੇਬੰਦੀਆਂ ਦੀਆਂ ਮੰਗਾਂ ਨੂੰ ਜ਼ੁਬਾਨੀ ਤੌਰ ’ਤੇ ਮੰਨ ਲਿਆ ਸੀ ਪਰ ਕੱਚੇ ਮੁਲਾਜ਼ਮਾਂ ਨੇ ਕਿਹਾ ਸੀ ਕਿ ਜੇਕਰ ਸਰਕਾਰ ਨੇ ਵਾਅਦੇ ਮੁਤਾਬਕ ਹੁਕਮ ਜਾਰੀ ਨਾ ਕੀਤੇ ਤਾਂ ਉਹ ਮੁੜ ਐਨਐਚ-1 ਜਾਮ ਕਰ ਦੇਣਗੇ।


ਦੂਜੇ ਪਾਸੇ ਸੀਐਮ ਚੰਨੀ ਕਹਿ ਰਹੇ ਹਨ ਕਿ ਸਰਕਾਰ ਨੇ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਫਾਈਲ ਰਾਜਪਾਲ ਨੂੰ ਭੇਜ ਦਿੱਤੀ ਹੈ ਪਰ ਰਾਜਪਾਲ ਨੇ ਚੋਣਾਂ ਕਾਰਨ ਭਾਜਪਾ ਦੇ ਦਬਾਅ ਹੇਠ ਫਾਈਲ ਰੋਕ ਦਿੱਤੀ ਹੈ।


ਦੱਸ ਦਈਏ ਕਿ ਸੀਐਮ ਚੰਨੀ ਵੱਲੋਂ ਰਾਜਪਾਲ ‘ਤੇ ਭਾਜਪਾ ਦੇ ਦਬਾਅ ਹੇਠ ਮੁਲਾਜ਼ਮਾਂ ਦੀ ਫਾਈਲ ਰੋਕਣ ਦੇ ਇਲਜ਼ਾਮ ਲਗਾਏ ਹਨ। ਉੱਥੇ ਹੀ ਰਾਜਪਾਲ ਨੇ ਵੀ ਸੀਐਮ ਚੰਨੀ ਨੂੰ ਜਵਾਬ ਦਿੱਤਾ ਹੈ ਤੇ ਕਿਹਾ ਕਿ ਸਰਕਾਰ ਵੱਲੋਂ ਅਜੇ ਤੱਕ ਉਸ ਫਾਈਲ ਦੀਆਂ ਖਾਮੀਆਂ ਦੂਰ ਨਹੀਂ ਕੀਤੀਆਂ ਗਈਆਂ। ਇਸ ਸਭ ਦੇ ਵਿਚਾਲੇ ਮੁਲਾਜ਼ਮਾਂ ਦੇ ਸਾਹ ਸੂਤੇ ਹੋਏ ਹਨ। ਉਨ੍ਹਾਂ ਨੂੰ ਡਰ ਹੈ ਕਿ ਚੋਣ ਜ਼ਾਬਤਾ ਲੱਗਣ ਮਗਰੋਂ ਉਨ੍ਹਾਂ ਦੀ ਸੁਣਵਾਈ ਨਹੀਂ ਹੋਏਗੀ।



ਇਹ ਵੀ ਪੜ੍ਹੋ: Breaking News: ਪੰਜਾਬ ਬੀਜੇਪੀ ਨੂੰ ਝਟਕਾ! ਵਿਧਾਇਕ ਬਲਵਿੰਦਰ ਲਾਡੀ ਮੁੜ ਕਾਂਗਰਸ 'ਚ ਸ਼ਾਮਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904