Punjab News: 11 ਦਸੰਬਰ ਨੂੰ ਸ਼ੁਰੂ ਹੋਈਆਂ 29ਵੀਆਂ ਕਮਲਜੀਤ ਖੇਡਾਂ-2022 ਅਮਿੱਟ ਯਾਦਾਂ ਬਿਖੇਰਦੀਆਂ, ਮੁੜ ਮਿਲਣ ਦੇ ਵਾਅਦੇ ਨਾਲ ਅੱਜ 14 ਦਸੰਬਰ ਨੂੰ ਸਫਲਤਾਪੂਰਵਕ ਸੰਪੰਨ ਹੋਈਆਂ। ਅੱਜ ਦੇ ਸਮਾਪਤੀ ਸਮਾਰੋਹ ਵਿੱਚ ਕੁਲਦੀਪ ਸਿੰਘ ਧਾਲੀਵਾਲ, ਪੇਂਡੂ ਵਿਕਾਸ ਤੇ ਪੰਚਾਇਤਾਂ, ਖੇਤੀਬਾੜੀ ਕਿਸਾਨ ਭਲਾਈ ਅਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਪੰਜਾਬ ਨੇ ਮਾਝੇ ਦੀਆਂ ਨਾਮਵਰ ਕਮਲਜੀਤ ਖੇਡਾਂ-2022 ਦੇ ਚੋਥੇ ਤੇ ਸਮਾਪਤੀ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।


ਇਸ ਮੌਕੇ ਕੈਬਨਿਟ ਮੰਤਰੀ ਧਾਲੀਵਾਲ ਤੇ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਵਲੋਂ 6 ਅੰਤਰਰਾਸ਼ਟਰੀ ਅਤੇ ਉਲੰਪੀਅਨ ਖਿਡਾਰੀਆਂ ਨੂੰ ਖੇਡਾਂ ਦੇ ਐਵਾਰਡ, ਬੈਸਟ ਅਥਲੀਟਾਂ ਨੂੰ 6 ਮੋਟਰ ਸਾਈਕਲ ਅਤੇ 15 ਲੱਖ ਰੁਪਏ ਦੇ ਨਗਦ ਇਨਾਮ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ।


ਇਸ ਮੌਕੇ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਹਲਕਾ ਵਿਧਾਇਕ ਬਟਾਲਾ, ਬਲਬੀਰ ਸਿੰਘ ਪਨੂੰ ਚੇਅਰਮੈਨ ਪਨਸਪ ਪੰਜਾਬ, ਡਾ. ਹਿਮਾਂਸ਼ੂ ਅਗਰਵਾਲ ਡਿਪਟੀ ਕਮਿਸ਼ਨਰ ਗੁਰਦਾਸਪੁਰ, ਸਤਿੰਦਰ ਸਿੰਘ ਐਸ ਐਸ ਪੀ ਬਟਾਲਾ, ਦੀਪਕ ਹਿਲੋਰੀ ਐਸ ਐਸ ਪੀ ਗੁਰਦਾਸਪੁਰ, ਐਡਵੋਕੇਟ ਜਗਰੂਪ ਸਿੰਘ ਸੇਖਵਾਂ ਜਿਲਾ ਪਰਧਾਨ ਆਪ ਪਾਰਟੀ,ਡਾ. ਸ਼ਾਇਰੀ ਭੰਡਾਰੀ ਐਸ.ਡੀ.ਐਮ ਬਟਾਲਾ, ਨਾਮਵਰ ਕਵੀ ਤੇ ਲੇਖਕ ਗੁਰਭਜਨ ਸਿੰਘ ਗਿੱਲ, ਚੇਅਰਮੈਨ ਡਾ ਸਤਨਾਮ ਸਿੰਘ ਨਿੱਜਰ, ਜੋਗਿੰਦਰ ਸਿੰਘ ਸਲਾਰੀਆ ਦੁਬਈ ਵਾਲੇ, ਸੁਰਜੀਤ ਸਪੋਰਟਸ ਐਸ਼ੋਸ਼ੀਏਸ਼ਨ ਰਜਿ. ਬਟਾਲਾ ਦੇ ਪ੍ਰਧਾਨ ਪਿ੍ਰਥੀਪਾਲ ਸਿੰਘ ਹੇਅਰ ਐਸ.ਪੀ (ਇੰਨਵੈਸ਼ਟੀਗੇਸ਼ਨ) ਗੁਰਦਾਸਪਰ,,ਮਨਮੋਹਨ ਸਿੰਘ ਏਡੀਸੀ (ਪੇਂਡੂ ਵਿਕਾਸ), ਬਲਦੇਵ ਸਿੰਘ ਕੰਗ ਅਮਰੀਕਾ ਵਾਲੇ, ਲਖਵਿੰਦਰ ਸਿੰਘ ਤਹਿਸਲੀਦਾਰ, ਅੰਮ੍ਰਿਤ ਕਲਸੀ ਤੇ ਤਰੁਣ ਕਲਸੀ ਮੋਜੂਦ ਸਨ।


ਸੁਰਜੀਤ ਕਮਲਜੀਤ ਖੇਡ ਕੰਪਲੈਕਸ ਕੋਟਲਾ ਸ਼ਾਹੀਆਂ ਵਿਖੇ ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਉਹ ਉਲੰਪੀਅਨ ਖਿਡਾਰੀਆਂ ਨੂੰ ਸਨਮਾਨਿਤ ਕਰਕੇ ਮਾਣ ਮਹਿਸੂਸ ਕਰ ਰਹੇ ਹਨ, ਜਿਨ੍ਹਾਂ ਨੇ ਪੰਜਾਬ ਦਾ ਨਾਅ ਦੇਸ਼ ਵਿਦੇਸ ਵਿੱਚ ਉੱਚਾ ਕੀਤਾ।


ਕੈਬਨਿਟ ਮੰਤਰੀ ਧਾਲੀਵਾਲ ਨੇ ਅੱਗੇ ਕਿਹਾ ਕਿ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਨੋਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਤ ਕਰਨ ਲਈ ਸਫਲ ਉਪਰਾਲੇ ਕੀਤੇ ਗਏ ਹਨ ਤੇ ਸੂਬੇ ਅੰਦਰ ਖੇਡ ਸੱਭਿਆਚਾਰ ਪ੍ਰਫੁੱਲਤ ਕਰਨ ਦੇ ਮੰਤਵ ‘ ਖੇਡਾਂ ਵਤਨ ਪੰਜਾਬ ਦੀਆਂ ’ ਕਰਵਾਈਆਂ ਗਈਆਂ ਸਨ, ਜਿਸ ਵਿੱਚ 9961 ਜੇਤੂ ਖਿਡਾਰੀਆਂ ਨੂੰ 6.85 ਕਰੋੜ ਰੁਪਏ ਦੇ ਇਨਾਮ ਵੰਡੇ ਗਏ।


ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਦੇ ਮੰਤਵ ਨਾਲ ਖੇਡਾਂ ਨੂੰ ਪਰਫੁੱਲਤ ਕੀਤਾ ਜਾ ਰਿਹਾ ਹੈ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਨਾਉਣ ਲਈ ਦਿ੍ਰੜ ਸੰਕਲਪ ਹੈ। ਉਨ੍ਹਾਂ ਅੱਗੇ ਕਿਹਾ ਪੰਜਾਬ ਸਰਕਾਰ ਵਲੋਂ ਸੂਬੇ ਨੂੰ ਤਰੱਕੀ ਵੱਲ ਲਿਜਾਉਣ ਲਈ ਸਿੱਖਿਆ, ਸਿਹਤ, ਖੇਡਾਂ ਸਮੇਤ ਵੱਖ ਵੱਖ ਖੇਤਰਾਂ ਵਿੱਚ ਸਰਬਪੱਖੀ ਵਿਕਾਸ ਕਾਰਜ ਤੇਜ਼ੀ ਨਾਲ ਕੀਤੇ ਜਾ ਰਹੇ ਹਨ।


ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਉਲੰਪੀਅਨ ਖਿਡਾਰੀਆਂ ਦੇ ਪਿੰਡਾਂ ਅੰਦਰ ਸਰਬਪੱਖੀ ਵਿਕਾਸ ਕਾਰਜ ਪਹਿਲ ਦੇ ਆਧਾਰ ਤੇ ਕਰਵਾਏ ਜਾਣਗੇ ਤੇ ਖਾਸਕਰਕੇ ਖੇਡ ਸਟੇਡੀਅਮ ਉਸਾਰੇ ਜਾਣਗੇ ਤੇ ਇਸ ਦੀ ਸ਼ੁਰੂਆਤ ਗੁਰਦਾਸਪੁਰ ਜਿਲ੍ਹੇ ਤੋ ਕੀਤੀ ਜਾਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਕੈਬਨਿਟ ਮੰਤਰੀ ਧਾਲੀਵਾਲ ਦੇ ਆਦੇਸ਼ਾਂ ਤੇ ਗੁਰਦਾਸਪੁਰ ਜਿਲ੍ਹੇ ਤੋਂ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ।


ਇਸ ਮੌਕੇ ਕੈਬਨਿਟ ਮੰਤਰੀ ਖੇਡ ਕਮੇਟੀ ਨੂੰ ਆਪਣੇ ਅਖਤਿਆਰੀ ਫੰਡ ਵਿੱਚੋਂ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਉਨਾਂ ਸੁਰਜੀਤ ਸਪੋਰਟਸ ਐਸ਼ੋਸ਼ੀਏਸ਼ਨ ਰਜਿ. ਬਟਾਲਾ ਵਲੋਂ ਕਰਵਾਈਆਂ ਜਾਂਦੀਆਂ ਕਮਲਜੀਤ ਖੇਡਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਨਾਂ ਖੇਡਾਂ ਰਾਹੀ ਖਿਡਾਰੀਆਂ ਨੂੰ ਆਪਣੀ ਕਲਾ ਦਿਖਾਉਣ ਦਾ ਮੌਕਾ ਮਿਲਦਾ ਹੈ ਅਤੇ ਨਾਮਵਰ ਖਿਡਾਰੀਆਂ ਦਾ ਮਾਣ ਸਨਮਾਨ ਕੀਤਾ ਜਾਂਦਾ ਹੈ।


ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਮਲਜੀਤ ਖੇਡਾਂ ਵਿੱਚ ਵੱਖ-ਵੱਖ ਰਾਜਾਂ ਦੇ ਨਾਮਵਰ ਖਿਡਾਰੀਆਂ ਨੇ ਸ਼ਿਰਕਤ ਕੀਤੀ ਤੇ ਪੂਰੇ ਉਤਸ਼ਾਹ ਨਾਲ ਖੇਡਾਂ ਵਿੱਚ ਹਿੱਸਾ ਲਿਆ। ਉਨਾਂ ਕਮਲਜੀਤ ਖੇਡਾਂ ਦੀ ਸਮੁੱਚੀ ਪ੍ਰਬੰਧਕ ਟੀਮ, ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ, ਸਮੂਹ ਹਲਕਾ ਵਾਸੀਆਂ, ਸਮਾਜ ਸੇਵੀ ਸੰਸਥਾਵਾਂ, ਸਮਾਜਿਕ ਤੇ ਧਾਰਮਿਕ ਸਖਸ਼ੀਅਤਾਂ, ਖਿਡਾਰੀਆਂ ਤੇ ਮੀਡੀਆ ਸਾਥੀਆਂ ਆਦਿ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਕਮਲਜੀਤ ਖੇਡਾਂ ਸਫਲਤਾਪੂਰਵਕ ਸੰਪੰਨ ਹੋਈਆਂ।


ਇਸ ਮੌਕੇ ਨਾਮਵਰ ਕਵੀ ਤੇ ਲੇਖਕ ਗੁਰਭਜਨ ਸਿੰਘ ਗਿੱਲ ਵਲੋਂ ਸੰਬੋਧਨ ਕਰਦਿਆਂ ਸੁਰਜੀਤ ਸਪਰੋਟਸ ਐਸੋਸੀਏਸ਼ਨ ਦੀ ਸਮੁੱਚੀ ਟੀਮ ਵਲੋਂ ਲਗਾਤਾਰ ਕਮਲਜੀਤ ਖੇਡਾਂ ਕਰਵਾਉਣ ਤੇ ਮੁਬਾਰਕਬਾਦ ਦਿੱਤੀ।


ਇਸ ਮੌਕੇ ਸੁਰਜੀਤ ਸਪੋਰਟਸ ਐਸ਼ੋਸ਼ੀਏਸ਼ਨ ਰਜਿ. ਬਟਾਲਾ ਦੇ ਪ੍ਰਧਾਨ ਪਿ੍ਰਥੀਪਾਲ ਸਿੰਘ ਹੇਅਰ (ਐਸ.ਪੀ) ਨੇ ਮੁੱਖ ਮਹਿਮਾਨ ਸਮੇਤ ਸਮੂਹ ਪ੍ਰਮੁੱਖ ਹਸਤੀਆਂ, ਸਿਵਲ ਤੇ ਪੁਲਿਸ ਪ੍ਰਸ਼ਾਸਨ, ਖਿਡਾਰੀਆਂ, ਸਮੁੱਚੀ ਪ੍ਰਬੰਧਕੀ ਟੀਮ, ਸਮਾਜ ਸੇਵੀਆਂ ਤੇ ਹਲਕਾ ਵਾਸੀਆਂ ਦਾ ਧੰਨਵਾਦ ਕੀਤਾ ਕਿ ਸਾਰਿਆਂ ਦੀ ਸਹਿਯੋਗ ਤੇ ਯਤਨਾਂ ਨਾਲ ਕਮਲਜੀਤ ਖੇਡਾਂ-2022 ਸਫਲਤਾਪੂਰਵਕ ਨੇਪਰੇ ਚੜ੍ਹੀਆਂ ਹਨ।


ਉਨਾਂ ਦੱਸਿਆ ਕਿ ਵਿਸ਼ਵ ਹਾਕੀ ਦੇ ਮਹਾਨ ਖਿਡਾਰੀ ਓਲੰਪੀਅਨ ਸੁਰਜੀਤ ਸਿੰਘ ਦੀ ਯਾਦ ਵਿੱਚ ਬਣੀ ਸੁਰਜੀਤ ਸਪਰੋਟਸ ਐਸ਼ੋ. ਵਲੋਂ ਕੋਟਲਾ ਸ਼ਾਹੀਆਂ ਵਿਖੇ ਆਪਣੇ ਵਿਛੜੇ ਕੋਮੀ ਪੱਧਰ ਤੇ ਅਥਲੀਟ ਕਮਲਜੀਤ ਸਿੰਘ ਦੀ ਯਾਦ ਵਿੱਚ ਪਿਛਲੇ 30 ਸਾਲਾਂ ਤੋਂ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਨਾਂ ਖੇਡਾਂ ਦੀ ਖਾਸੀਅਤ ਹੈ ਕਿ ਇਹ ਉਲੰਪਿਕ ਚਾਰਟਰ ਦੀਆਂ ਖੇਡਾਂ ਹਨ। ਜੇਤੂ ਖਿਡਾਰੀਆਂ ਨੂੰ 18 ਲੱਖ ਰੁਪਏ ਦੇ ਨਗਦ ਇਨਾਮਾਂ ਤੋਂ ਇਲਾਵਾ ਪੁਸਤਕਾਂ ਇਨਾਮ ਵਿੱਚ ਦਿੱਤੀਆਂ ਜਾਂਦੀਆਂ ਹਨ।