ਚੰਡੀਗੜ੍ਹ : ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਵੱਲੋਂ ਭਵਾਨੀਗੜ੍ਹ-ਸੁਨਾਮ-ਭੀਖੀ-ਬੁਢਲਾਡਾ-ਬੋਹਾ ਸੜਕ ਦਾ ਨਾਂ ਅਗਰੋਹਾ ਦੇ ਮਹਾਨ ਰਾਜਾ ਮਹਾਰਾਜਾ ਅਗਰਸੇਨ ਜੀ ਦੇ ਨਾਂ 'ਤੇ ਰੱਖਿਆ ਗਿਆ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਭਵਾਨੀਗੜ੍ਹ ਤੋਂ ਹਰਿਆਣਾ ਦੀ ਹੱਦ ਤਕ 87.05 ਕਿਲੋਮੀਟਰ ਲੰਮੀ ਸੜਕ ਦਾ ਨਾਂ ਮਹਾਰਾਜਾ ਅਗਰਸੇਨ ਮਾਰਗ ਰੱਖਿਆ ਗਿਆ ਹੈ, ਕਿਉਂਕਿ ਇਹ ਸੜਕ ਪੰਜਾਬ ਦੇ ਕਈ ਵੱਡੇ ਸ਼ਹਿਰਾਂ ਨੂੰ ਅਗਰੋਹਾ ਧਾਮ ਨਾਲ ਜੋੜਦੀ ਹੈ।


ਲੋਕ ਨਿਰਮਾਣ ਮੰਤਰੀ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਸੂਬੇ ਅੰਦਰ ਪੈਂਦੇ ਅਗਰੋਹਾ ਧਾਮ ਤਕ ਸੜਕ ਦੇ ਬਾਕੀ ਬਚੇ 61 ਕਿਲੋਮੀਟਰ ਹਿੱਸੇ ਦਾ ਨਾਂ ਵੀ ਮਹਾਰਾਜਾ ਅਗਰਸੇਨ ਜੀ ਦੇ ਨਾਂ 'ਤੇ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਗਰੋਹਾ ਧਾਮ ਉਹ ਇਤਿਹਾਸਕ ਸਥਾਨ ਹੈ ਜਿੱਥੇ ਅਗਰਵਾਲ ਭਾਈਚਾਰੇ ਦੀ ਸ਼ੁਰੂਆਤ ਹੋਈ ਸੀ। ਇਸ ਲਈ ਹਰ ਸਾਲ ਪੰਜਾਬ ਤੇ ਹੋਰਨਾਂ ਸੂਬਿਆਂ ਤੋਂ ਸੈਂਕੜੇ ਸ਼ਰਧਾਲੂ ਇਸ ਪਵਿੱਤਰ ਅਸਥਾਨ ਦੇ ਦਰਸ਼ਨਾਂ ਲਈ ਜਾਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਮਹਾਰਾਜਾ ਅਗਰਸੇਨ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇਹ ਪੰਜਾਬ ਸਰਕਾਰ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਹੈ।

ਮੰਤਰੀ ਨੇ ਦੱਸਿਆ ਕਿ ਸੜਕ ਦੇ ਨਾਮਕਰਨ ਤੋਂ ਇਲਾਵਾ ਉਨ੍ਹਾਂ ਦੀ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਮਹਾਰਾਜਾ ਅਗਰਸੇਨ ਦੇ ਨਾਂ 'ਤੇ ਅਕਾਦਮਿਕ ਚੇਅਰ ਸਥਾਪਤ ਕੀਤੀ ਹੈ ਅਤੇ ਵਜ਼ੀਫ਼ਾ ਵੀ ਸ਼ੁਰੂ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਚੇਅਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਉਨ੍ਹਾਂ ਦੀ ਸਰਕਾਰ ਵੱਲੋਂ 7 ਕਰੋੜ ਰੁਪਏ ਦੇ ਫੰਡ ਵੀ ਮਨਜ਼ੂਰ ਕੀਤੇ ਗਏ ਹਨ। 

ਸ੍ਰੀ ਸਿੰਗਲਾ ਨੇ ਕਿਹਾ ਕਿ ਮਹਾਰਾਜਾ ਅਗਰਸੇਨ ਜੀ ਨੂੰ ਪੁਰਾਤਨ ਸਮੇਂ ਵਿੱਚ ਉੱਤਰੀ ਭਾਰਤ ਵਿੱਚ ਸਮਾਜ ਦੇ ਦੱਬੇ-ਕੁਚਲੇ ਵਰਗਾਂ ਦੀ ਬਿਹਤਰੀ ਅਤੇ ਵਪਾਰ ਤੇ ਵਪਾਰੀ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੀ ਵਚਨਬੱਧਤਾ ਲਈ ਯਾਦ ਕੀਤਾ ਜਾਂਦਾ ਹੈ। ਉਹਨਾਂ ਅੱਗੇ ਕਿਹਾ ਕਿ ਅਜੋਕੇ ਸਮੇਂ ਦੇ ਅਗਰਵਾਲ/ਬਾਣੀਆ ਭਾਈਚਾਰੇ ਨੂੰ ਮਹਾਰਾਜਾ ਅਗਰਸੇਨ ਦੇ ਵੰਸ਼ਜ ਵਜੋਂ ਮੰਨਿਆ ਜਾਂਦਾ ਹੈ ਅਤੇ ਭਾਈਚਾਰੇ ਦੇ 17 ਗੋਤਾਂ (ਕਬੀਲਿਆਂ) ਦਾ ਨਾਂ ਮਹਾਰਾਜਾ ਅਗਰਸੇਨ ਦੇ ਪੁੱਤਰਾਂ ਦੇ ਨਾਂ 'ਤੇ ਰੱਖੇ ਗਏ ਸਨ।

ਸ੍ਰੀ ਸਿੰਗਲਾ ਨੇ ਕਿਹਾ ਕਿ ਇਨ੍ਹਾਂ ਵਿਕਾਸ ਕਾਰਜਾਂ ਤੋਂ ਇਲਾਵਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਸਰਕਾਰ ਨੇ ਕੁਝ ਮਹੀਨਿਆਂ ਵਿੱਚ ਹੀ ਸੂਬੇ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਇਆ ਹੈ ਅਤੇ ਲੋਕ ਨਿਰਮਾਣ ਵਿਭਾਗ ਵੀ ਸੂਬੇ ਦੇ ਲੋਕਾਂ ਨੂੰ ਬਿਹਤਰ ਸੜਕੀ ਸੰਪਰਕ ਪ੍ਰਦਾਨ ਕਰਨ ਲਈ ਲਗਾਤਾਰ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਵਿਚ ਕਈ ਪ੍ਰੋਜੈਕਟ ਮੁਕੰਮਲ ਕੀਤੇ ਜਾ ਚੁੱਕੇ ਹਨ ਅਤੇ ਸੜਕਾਂ ਦੀ ਗੁਣਵੱਤਾ ਤੇ ਹੋਰ ਪ੍ਰੋਜੈਕਟਾਂ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490