ਸੰਗਰੂਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸੰਗਰੂਰ ਜ਼ਿਮਨੀ ਚੋਣ ਲਈ ਪਾਰਟੀ ਉਮੀਦਵਾਰ ਕਮਲਦੀਪ ਕੌਰ ਰਾਜੋਆਣਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਵੀਰਵਾਰ ਨੂੰ ਚੋਣ ਰੈਲੀ ਦੌਰਾਨ ਉਨ੍ਹਾਂ ਆਖਿਆ ਕਿ ਪੰਜਾਬ ਤੇ ਪੰਜਾਬ ਸਰਕਾਰ ਦੀ ਡੋਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹੱਥ ਹੈ ਤੇ ਭਗਵੰਤ ਮਾਨ ਸਿਰਫ਼ ਨਾਮ ਦਾ ਹੀ ਮੁੱਖ ਮੰਤਰੀ ਹੈ। ਕੇਜਰੀਵਾਲ ਹੀ ਪੰਜਾਬ ਦੇ ਮਾਮਲਿਆਂ ਬਾਰੇ ਫ਼ੈਸਲੇ ਲੈ ਰਹੇ ਹਨ।

ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਪ੍ਰੋ. ਭੁੱਲਰ ਦੀ ਰਿਹਾਈ ਲਈ ਕਹਿ ਦਿੱਤਾ ਹੈ, ਪਰ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਰਿਹਾਈ ਵਾਲੀ ਫਾਈਲ ਸੱਤ ਮਹੀਨਿਆਂ ਤੋਂ ਰੋਕੀ ਹੋਈ ਹੈ। ਉਨ੍ਹਾਂ ਸਿਮਰਨਜੀਤ ਸਿੰਘ ਮਾਨ ਨਾਲ ਹੋਈ ਆਪਣੀ ਗੱਲਬਾਤ ਬਾਰੇ ਕਿਹਾ ਕਿ ਉਹ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮਾਨ ਨੂੰ ਮਿਲੇ ਅਤੇ ਅਪੀਲ ਕੀਤੀ ਸੀ ਕਿ ਉਹ ਜ਼ਿਮਨੀ ਚੋਣ ਨਾ ਲੜਨ, ਪਰ ਉਨ੍ਹਾਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ।

ਸੁਖਬੀਰ ਬਾਦਲ ਨੇ ਕਿਹਾ ਕਿ ਸੰਗਰੂਰ ਦੇ ਲੋਕਾਂ ਨੂੰ ਇਸ ਜ਼ਿਮਨੀ ਚੋਣ ਵਿੱਚ ਸਿੱਖ ਕੌਮ ਦੇ ਹੱਕ ਵਿੱਚ ਇੱਕ ਇਤਿਹਾਸਕ ਫੈ਼ਸਲਾ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕੰਧਾਂ ’ਤੇ ਲਿਖਿਆ ਪੜ੍ਹ ਕੇ ਹੀ ਇੱਕ ਮੌਕਾ ਕੇਜਰੀਵਾਲ ਨੂੰ ਦੇ ਦਿੱਤਾ ਹੈ ਤੇ ਹੁਣ ਇੱਕ ਮੌਕਾ ਬੰਦੀ ਸਿੰਘਾਂ ਦੀ ਰਿਹਾਈ ਲਈ ਦੇਣਾ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੇ ਪਰਿਵਾਰਾਂ ’ਚੋ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ ਉਮੀਦਵਾਰ ਬਣਾਉਣ ਦਾ ਫੈ਼ਸਲਾ ਸਿਮਰਨਜੀਤ ਸਿੰਘ ਮਾਨ ਨੂੰ ਛੱਡ ਕੇ ਸਮੁੱਚੀ ਕੌਮ ਦਾ ਫੈ਼ਸਲਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਕੌਮ ਦੇ ਫੈ਼ਸਲੇ ਨੂੰ ਸਫ਼ਲ ਨਾ ਬਣਾਇਆ ਤਾਂ ਇਹ ਮੌਕਾ ਦੁਬਾਰਾ ਨਹੀਂ ਮਿਲ ਸਕੇਗਾ।