Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੀ ਸ਼ਾਮ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਕੀਤੀ ਵੀਡੀਓ ਕਾਨਫਰੰਸ ਦੌਰਾਨ ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਖਾਸ ਕਰਕੇ ਦੋਨਾ ਨਾਨਕਾ ਦੇ ਲੋਕਾਂ ਦੀਆਂ ਮੁਸਕਿਲਾਂ ਦੂਰ ਕਰਨ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ ਜਾਣ ਤੋਂ ਤੁੰਰਤ ਬਾਅਦ ਬੀਤੀ ਦੇਰ ਸ਼ਾਮ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਕੌਮਾਂਤਰੀ ਸਰਹੱਦ ਦੇ ਬਿੱਲਕੁਲ ਨਾਲ ਵਸੇ ਪਿੰਡ ਦੋਨਾ ਨਾਨਕਾ ਦਾ ਦੌਰਾ ਕੀਤਾ।


ਜਿਕਰਯੋਗ ਹੈ ਕਿ ਸਿਆਸਤ ਵਿਚ ਆਉਣ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੋਨਾ ਨਾਨਕਾ ਸਮੇਤ ਇੰਨ੍ਹਾਂ ਸਰਹੱਦੀ ਪਿੰਡਾਂ ਦੇ ਲੋਕਾਂ ਦੇ ਦਰਦਾਂ ਦੇ ਭਾਈਵਾਲ ਬਣਨ ਲਈ ਪਹੁੰਚੇ ਸਨ ਅਤੇ ਤਦ ਤੋਂ ਹੀ ਉਨ੍ਹਾਂ ਦੇ ਮਨ ਵਿਚ ਇੰਨ੍ਹਾਂ ਪਿੰਡਾਂ ਦੇ ਲੋਕਾਂ ਦੀਆਂ ਮੁਸਕਿਲਾਂ ਦੇ ਹੱਲ ਦਾ ਸੰਕਲਪ ਹੈ।


ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਪਿੰਡ ਵਿਚ ਪਹੁੰਚ ਕੇ ਪਿੰਡ ਦੇ ਲੋਕਾਂ ਦੀਆਂ ਮੁਸਕਿਲਾਂ ਸੁਣਨ ਦੇ ਨਾਲ ਨਾਲ ਉਸ ਵਿਦਿਆਰਥਣ ਨਾਲ ਵੀ ਮੁਲਾਕਾਤ ਕੀਤੀ ਜਿਸ ਦੀ ਉਚੇਰੀ ਪੜਾਈ ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਨਾਲ ਹੋ ਸਕੀ ਹੈ। ਉਨ੍ਹਾਂ ਨੇ ਸਕੂਲ ਵਿਚ ਬੱਚਿਆਂ ਦੇ ਪੀਣ ਦੇ ਪਾਣੀ ਲਈ ਕੀਤੇ ਪ੍ਰਬੰਧਾਂ ਦਾ ਵੀ ਮੁਆਇਨਾ ਕੀਤਾ।


ਡਿਪਟੀ ਕਮਿਸ਼ਨਰ ਨੇ ਇਸ ਮੌਕੇ ਦੱਸਿਆ ਕਿ ਇੰਨ੍ਹਾਂ ਪਿੰਡਾਂ ਵਿਚ ਸਾਫ ਅਤੇ ਸੁੱਧ ਪੀਣ ਦਾ ਪਾਣੀ ਪ੍ਰਮੁੱਖ ਜਰੂਰਤ ਹੈ। ਇਸ ਲਈ ਜਿੱਥੇ ਪਿੰਡ ਵਿਚ ਆਰਓ ਪਲਾਂਟ ਚਾਲੂ ਹਾਲਤ ਵਿਚ ਹੈ, ਉਥੇ ਹੀ ਪੰਜਾਬ ਸਰਕਾਰ ਵੱਲੋਂ ਪਿੰਡ ਘੱਟਿਆਂ ਵਾਲੀ ਬੋਦਲਾ ਵਿਖੇ ਨਹਿਰੀ ਪਾਣੀ ਤੇ ਅਧਾਰਤ ਵਾਟਰ ਵਰਕਸ ਬਣਾਇਆ ਜਾ ਜਿੱਥੋਂ ਪਾਇਪਾਂ ਰਾਹੀਂ ਇੱਥੇ ਸਾਫ ਅਤੇ ਸੁੱਧ ਪੀਣ ਦਾ ਪਾਣੀ ਪੁੱਜੇਗਾ।


ਡਿਪਟੀ ਕਮਿਸ਼ਨਰ ਨੇ ਪਿੰਡ ਦੀਆਂ ਬਾਕੀ ਗਲੀਆਂ ਵਿੱਚ ਇੰਟਰਲਾਕਿੰਗ ਟਾਇਲਾਂ ਲਗਾਉਣ ਸਮੇਤ ਪਿੰਡ ਦੇ ਹੋਰ ਵਿਕਾਸ ਕਾਰਜਾਂ ਨੂੰ ਵੀ ਪਹਿਲ ਦੇ ਅਧਾਰ ਤੇ ਪੂਰਾ ਕਰਨ ਦੀਆਂ ਹਦਾਇਤਾਂ ਸਬੰਧਤ ਵਿਭਾਗਾਂ ਨੂੰ ਦਿੱਤੀਆਂ। ਉਨ੍ਹਾਂ ਨੇ ਪਿੰਡ ਦੀਆਂ ਵੱਖ ਵੱਖ ਗਲੀਆਂ ਵਿਚ ਜਾ ਕੇ ਲੋਕਾਂ ਦੇ ਘਰਾਂ ਅੰਦਰ ਪਹੁੰਚ ਕੇ ਉਨ੍ਹਾਂ ਦੀਆਂ ਮੁਸਕਿਲਾਂ ਸੁਣੀਆਂ। ਉਨ੍ਹਾਂ ਨੇ ਸਕੂਲ ਦਾ ਦੌਰਾ ਵੀ ਕੀਤਾ ਅਤੇ ਵਿਦਿਆਰਥੀਆਂ ਨਾਲ ਵੀ ਗੱਲਬਾਤ ਕੀਤੀ।


ਡਿਪਟੀ ਕਮਿਸ਼ਨਰ ਨੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਉਨ੍ਹਾਂ ਦੇ ਪਿੰਡਾਂ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਪੂਰੇ ਪ੍ਰਸ਼ਾਸਨ ਨੂੰ ਇੱਥੇ ਭੇਜਿਆ ਹੈ ਅਤੇ ਜਿ਼ਲ੍ਹਾ ਪ੍ਰਸ਼ਾਸਨ ਇੰਨ੍ਹਾਂ ਸਰਹੱਦੀ ਪਿੰਡਾਂ ਦੀਆਂ ਮੁਸਕਿਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਸੇ ਲਈ ਮਿਸ਼ਨ ਅਬਾਦ 30 ਵੀ ਇੰਨ੍ਹਾਂ ਸਰਹੱਦੀ ਪਿੰਡਾਂ ਵਿਚ ਲਾਗੂ ਕੀਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਿੰਡ ਤੋਂ ਵਾਇਆ ਤੇਜਾ ਰੁਹੇਲਾ ਸਤਲੁਜ਼ ਤੇ ਨਵਾਂ ਪੁਲ ਵੀ ਬਣਾਇਆ ਜਾ ਰਿਹਾ ਹੈ ਜਿਸ ਨਾਲ ਇਸ ਪਿੰਡ ਦੇ ਵਸਨੀਕਾਂ ਲਈ ਫਾਜਿ਼ਲਕਾ ਦੀ ਦੂਰੀ ਵੀ ਹੋਰ ਘਟ ਜਾਵੇਗੀ।