Punjab News: 4 ਲੱਖ ਕਰੋੜ ਤੋਂ ਜ਼ਿਆਦਾ ਕਰਜ਼ੇ ਦੇ ਬੋਝ ਥੱਲੇ ਦੱਬੀ ਸਰਕਾਰ ਨੇ ਮੁੜ ਸਰਕਾਰ ਨੂੰ ਚਲਾਉਣ ਲਈ ਕਰਜ਼ਾ ਲਿਆ ਹੈ। ਇਸ ਵਾਰ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ 1150 ਕਰੋੜ ਦਾ ਕਰਜ਼ਾ ਲਿਆ ਹੈ ਜਿਸ ਨੂੰ 2044 ਤੱਕ ਵਾਪਸ ਕੀਤਾ ਜਾਣਾ ਹੈ। ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਬਿਕਰਮ ਸਿੰਘ ਮਜੀਠੀਆ(Bikram Singh Majithia) ਨੇ ਇੱਕ ਅਖ਼ਬਾਰ ਦੀ ਖ਼ਬਰ ਸਾਂਝੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਵੱਲੋਂ ਪੰਜਾਬ ਨੂੰ ਹੋਰ ਕਰਜ਼ਈ ਕਰਨ ਦਾ ਕੰਮ ਜਾਰੀ, ਹੁਣ ਚੁੱਕਿਆ 1150 ਕਰੋੜ ਰੁਪਏ ਦਾ ਨਵਾਂ ਕਰਜ਼ਾ,ਪਿਛਲੇ 2.5 ਸਾਲਾਂ ਵਿਚ ਸਿਵਾਏ ਨਵਾਂ ਕਰਜ਼ਾ ਚੁੱਕਣ ਦੇ ਹੋਰ ਭਗਵੰਤ ਮਾਨ ਸਰਕਾਰ ਨੇ ਕੱਖ ਨਹੀਂ ਕੀਤਾ ਹੈ।
ਮਜੀਠੀਆ ਨੇ ਕਿਹਾ ਕਿ, ਨਾ ਸੂਬੇ ਵਿੱਚ ਕੋਈ ਵਿਕਾਸ ਕਾਰਜ , ਨਾ ਕੋਈ ਬੁਨਿਆਦੀ ਢਾਂਚੇ ਦਾ ਪ੍ਰਾਜੈਕਟ , ਨਾ ਕੋਈ ਨਵਾਂ ਨਿਵੇਸ਼, ਨਵਾਂ ਉਦਯੋਗਿਕ ਨਿਵੇਸ਼ ਉਦਯੋਗਪਤੀ ਤੇ ਵਪਾਰੀਆਂ ਸਮੇਤ ਆਮ ਆਦਮੀ ਵੀ ਗੈਂਗਸਟਰਾਂ ਤੋਂ ਸਹਿਮੇ। ਅਕਾਲੀ ਆਗੂ ਨੇ ਕਿਹਾ ਕਿ, ਕਰਜ਼ਾ ਚੁੱਕ-ਚੁੱਕ ਸਿਵਾਏ ਅਰਵਿੰਦ ਕੇਜਰੀਵਾਲ ਦੀ ਸੇਵਾ ਕਰਨ ਦੇ ਕੋਈ ਪ੍ਰਾਪਤੀ ਨਹੀਂ। ਪੈਸਾ ਪੰਜਾਬ ਦਾ, ਮੌਜਾਂ ਦਿੱਲੀ ਵਾਲੇ ’ਸਾਹਿਬ’ ਦੀਆਂ। ਕੁਝ ਤਾਂ ਅਕਲ ’ਤੇ ਹੱਥ ਮਾਰੋ ਭਗਵੰਤ ਮਾਨ ਸਾਬ੍ਹ।
ਅਕਾਲੀ ਆਗੂ ਨੇ ਅਖ਼ੀਰ ਵਿੱਚ ਕਿਹਾ ਕਿ ਹੁਣ ਤਾਂ ਤੁਹਾਡੀ ਬਿਲਕੁਲ ਹੀ ਸੁਣਨੋਂ ਜਵਾਬ ਦੇ ਗਏ ਅਗਲੇ, ਹੁਣ ਤਾਂ ਪੰਜਾਬੀਆਂ ਦੀ ਸੁਣੋ ਜਿਹਨਾਂ ਨੇ ਤੁਹਾਨੂੰ ਕੁਰਸੀ ਬਖਸ਼ੀ ਹੈ। ਪੰਜਾਬ ਬਚਾਓ, ਪੰਜਾਬ ਲਈ ਕੰਮ ਕਰੋ, ਛੱਡੋ ਖਹਿੜਾ ਦਿੱਲੀ ਦਾ !
ਜ਼ਿਕਰ ਕਰ ਦਈਏ ਕਿ ਬੀਤੇ ਦਿਨੀਂ ਖ਼ਬਰ ਸਾਹਮਣੇ ਆਈ ਸੀ ਕਿ ਪੰਜਾਬ ਸਰਕਾਰ ਆਪਣੀਆਂ ਯੋਜਨਾਵਾਂ ਅਤੇ ਵਿਕਾਸ ਕਾਰਜਾਂ ਦੇ ਬੁਨਿਆਦੀ ਢਾਂਚੇ ਨੂੰ ਯਕੀਨੀ ਬਣਾਉਣ ਲਈ ਜਲਦੀ ਹੀ 1150 ਕਰੋੜ ਰੁਪਏ ਦਾ ਕਰਜ਼ਾ ਲੈਣ ਦੀ ਤਿਆਰੀ ਕੀਤੀ ਹੈ। ਸਰਕਾਰ ਇਸ ਕਰਜ਼ੇ ਦੇ ਬਦਲੇ ਆਪਣਾ ਸਰਕਾਰੀ ਸਟਾਕ ਗਿਰਵੀ ਰੱਖ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਪੰਜਾਬ 'ਚ ਸਰਕਾਰ ਨੂੰ 300 ਯੂਨਿਟ ਤੱਕ ਮੁਫ਼ਤ ਬਿਜਲੀ, ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਅਤੇ ਆਮ ਆਦਮੀ ਕਲੀਨਿਕ ਚਲਾਉਣ ਲਈ ਸਬਸਿਡੀ ਦੇ ਰੂਪ ਵਿੱਚ ਹਰ ਮਹੀਨੇ ਹਜ਼ਾਰਾਂ ਕਰੋੜ ਰੁਪਏ ਖਰਚਣੇ ਪੈਂਦੇ ਹਨ। ਸਰਕਾਰ 'ਤੇ ਸਬਸਿਡੀ ਦਾ ਬੋਝ ਲਗਾਤਾਰ ਵਧਦਾ ਜਾ ਰਿਹਾ ਹੈ।