ਪਟਿਆਲਾ :  ਪੰਜਾਬ ਦੇ ਵਿੱਤ, ਯੋਜਨਾ ਅਤੇ ਕਰ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਜ਼ਾਦੀ ਦਿਹਾੜੇ ਦੀ 75ਵੀਂ ਵਰ੍ਹੇਗੰਢ ਦੀ ਪੂਰਬਲੀ ਸੰਧਿਆ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਤ ਕੀਤੀ ਗਈ ਸੁਤੰਤਰਤਾ ਸੰਗਰਾਮੀ ਗੈਲਰੀ ਅਤੇ 'ਵਾਲ ਆਫ਼ ਫ਼ੇਮ' ਲੋਕਾਂ ਨੂੰ ਸਮਰਪਿਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਸੁਤੰਤਰਤਾ ਸੰਗਰਾਮੀ ਮੋਹਕਮ ਸਿੰਘ ਚੌਹਾਨ, ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਡਾ. ਬਲਬੀਰ ਸਿੰਘ, ਡਵੀਜ਼ਨਲ ਕਮਿਸ਼ਨਰ ਅਰੁਣ ਸੇਖੜੀ ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਮੌਜੂਦ ਸਨ। 



ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਜੁਝਾਰੂ ਯੋਧਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਣਦਾ ਮਾਨ-ਸਨਮਾਨ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੁਤੰਤਰਤਾ ਸੰਗਰਾਮੀਆਂ ਦੀ ਬਦੌਲਤ ਹੀ ਸਾਡੇ ਦੇਸ਼ ਨੂੰ ਸਦੀਆਂ ਦੀ ਗੁਲਾਮੀ ਤੋਂ ਬਾਅਦ ਆਜ਼ਾਦੀ ਹਾਸਲ ਹੋਈ ਸੀ ਅਤੇ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਨ।

ਵਿੱਤ ਮੰਤਰੀ ਨੇ ਕਿਹਾ ਕਿ ਜਿਵੇਂ ਖੇਡਾਂ ਦੇ ਖੇਤਰ 'ਚ ਕੌਮਾਂਤਰੀ ਪੱਧਰ 'ਤੇ ਪ੍ਰਾਪਤੀਆਂ ਕਰਨ ਵਾਲਿਆਂ ਨੂੰ ਸਰਕਾਰ ਨੇ ਮਾਣ-ਸਤਿਕਾਰ ਦਿੱਤਾ ਹੈ, ਉਸੇ ਤਰਜ 'ਤੇ ਹੋਰਨਾਂ ਖੇਤਰਾਂ 'ਚ ਵੀ ਨਾਮਣਾ ਖੱਟਣ ਵਾਲਿਆਂ ਦਾ ਬਣਦਾ ਸਤਿਕਾਰ ਕੀਤਾ ਜਾਵੇਗਾ।  ਹਰਪਾਲ ਸਿੰਘ ਚੀਮਾ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਦੇ ਸੁਤੰਰਤਤਾ ਸੰਗਰਾਮੀਆਂ ਦੀਆਂ ਤਸਵੀਰਾਂ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ 'ਚ ਪ੍ਰਸਿੱਧੀ ਹਾਸਲ ਕਰਨ ਵਾਲੇ ਬੱਚਿਆਂ ਤੇ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਲਗਾਉਣ ਲਈ 'ਵਾਲ ਆਫ਼ ਫ਼ੇਮ' ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਸਮੁਚੀ ਟੀਮ ਦੀ ਸ਼ਲਾਘਾ ਕੀਤੀ।

ਉਨ੍ਹਾਂ ਕਿਹਾ ਕਿ ਇਹ ਤਸਵੀਰਾਂ ਸਾਡੇ ਲਈ ਹਮੇਸ਼ਾ ਪ੍ਰੇਰਣਾ ਦਾ ਸਰੋਤ ਬਣਦੀਆਂ ਰਹਿਣਗੀਆਂ।  ਇਸ ਮੌਕੇ ਵਿੱਤ ਮੰਤਰੀ ਨੇ ਰਾਸ਼ਟਰਮੰਡਲ ਖੇਡਾਂ ਮੌਕੇ ਵੇਟਲਿਫ਼ਟਿੰਗ 'ਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਪਿੰਡ ਮੈਹਸ ਦੀ ਪਾਵਰ ਗਰਲ ਹਰਜਿੰਦਰ ਕੌਰ, ਨੌਜਵਾਨ ਸਿੱਖ ਇਤਿਹਾਸਕਾਰ ਸਿਮਰ ਸਿੰਘ, ਮਾਰਸ ਬੀ ਸਪੈਲਿੰਗ ਕੰਪੀਟੀਸ਼ਨ-2022 'ਚ ਪਹਿਲਾ ਰੈਂਕ ਪ੍ਰਾਪਤ ਸਿਮਰਨਦੀਪ ਕੌਰ, ਆਈ.ਐਸ.ਸੀ ਬੋਰਡ ਦੀ 12ਵੀਂ ਜਮਾਤ-22 ਆਲ ਇੰਡੀਆ ਦੂਜਾ ਰੈਂਕ ਤੇ ਪੰਜਾਬ 'ਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਜੋਏ ਜੈਸਮੀਨ ਕੌਰ, ਸਾਊਥ ਕੋਰੀਆ 'ਚ ਹੋਈ।

15ਵੀਂ ਵਿਸ਼ਵ ਤਾਇਕਵਾਂਡੋ ਚੈਂਪੀਅਨਸ਼ਿਪ-2022 ਵਿੱਚ ਸੋਨ ਤਗ਼ਮਾ ਜੇਤੂ ਰਵਯਾ ਸ਼ਿਮਲਾ ਤੋਂ ਮਨਾਲੀ ਸਪਿਤੀ ਸਰਕਟ ਦਾ 14960 ਫੁੱਟ ਉਚਾਈ ਉਪਰ 800 ਕਿਲੋਮੀਟਰ ਸਫ਼ਰ 20 ਦਿਨਾਂ ਵਿੱਚ ਪੂਰਾ ਕਰਨ ਵਾਲੀ ਰਾਵੀ ਕੌਰ ਬਧੇਸ਼ਾ ਦਾ ਸਨਮਾਨ ਕੀਤਾ।

 ਸਮਾਰੋਹ ਮੌਕੇ ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਾਂ ਦੇ ਮੈਂਬਰ ਸੂਬਾ ਜਨਰਲ ਸਕੱਤਰ ਇੰਦਰਪਾਲ ਸਿੰਘ ਧਾਲੀਵਾਲ ਸੋਨੀ, ਸੂਬਾ ਪ੍ਰਧਾਨ ਅਮਰੀਕ ਕਲਿਹਾਣਾ, ਬਾਬਾ ਭੁਪਿੰਦਰ ਸਿੰਘ, ਸੂਬਾ ਕਨਵੀਨਰ ਪ੍ਰਕਾਸ਼ ਧਾਲੀਵਾਲ, ਮੀਤ ਪ੍ਰਧਾਨ ਪ੍ਰੀਤਮ ਸਿੰਘ ਮਾਨ, ਗੁਰਪ੍ਰੀਤ ਸਿੰਘ ਕੋਹਲੀ, ਬਲਵਿੰਦਰ ਸਿੰਘ, ਅਮਰਪ੍ਰੀਤ ਸਿੰਘ ਬੋਬੀ ਜ਼ਿਲਾ ਪ੍ਰਧਾਨ, ਚਰਨਜੀਤ ਸਿੰਘ ਭੁੱਲਰ, ਵਰਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਜਸਦੀਪ ਸਿੰਘ ਧਨੇਠਾ, ਜ਼ਿਲ੍ਹਾ ਕੈਸ਼ੀਅਰ ਸੁਖਵਿੰਦਰ ਸਿੰਘ ਖੁਰਾਣਾ, ਭੁਪਿੰਦਰ ਸਿੰਘ ਸਮਾਣਾ, ਮਲਵਿੰਦਰ ਕੌਰ, ਜੋਗਿੰਦਰ ਸਿੰਘ ਤੇ ਕਸ਼ਮੀਰ ਸਿੰਘ  ਸਮੇਤ ਏ.ਡੀ.ਸੀ ਗੁਰਪ੍ਰੀਤ ਸਿੰਘ ਥਿੰਦ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ ਤੇ ਸਹਾਇਕ ਕਮਿਸ਼ਨਰ ਕਿਰਨ ਸ਼ਰਮਾ ਵੀ ਮੌਜੂਦ ਸਨ।