ਚੰਡੀਗੜ੍ਹ: ਪੰਜਾਬ ਸਰਕਾਰ ਸਸਤੇ ਇਲਾਜ ਲਈ ਵੱਡਾ ਕਦਮ ਚੁੱਕਣ ਜਾ ਰਹੀ ਹੈ। ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੇ ਐਲਾਨ ਕੀਤਾ ਹੈ ਕਿ ਪੰਜਾਬ ਨੂੰ ਸਿਹਤ ਦੇ ਖੇਤਰ ਵਿੱਚ ਦੇਸ਼ ਦਾ ਸਰਵੋਤਮ ਸੂਬਾ ਬਣਾਉਣ ਲਈ ਮੁਹੱਲਾ ਤੇ ਪਿੰਡ ਕਲੀਨਕ ਖੋਲ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੁਹੱਲਾ ਕਲੀਨਕ ਸ਼ੁਰੂ ਨਹੀਂ ਕੀਤਾ ਜਾਂਦਾ, ਉਦੋਂ ਤੱਕ ਹੈਲਥ ਵੈਲਨੈੱਸ ਸੈਂਟਰ ਰਾਹੀਂ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਪੰਜਾਬ ਦੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੇ ਵੀਰਵਾਰ ਨੂੰ ਪ੍ਰੈੱਸ ਕਲੱਬ ਵਿਖੇ ਪੀਜੀਆਈ ਦੇ ਕਮਿਊਨਿਟੀ ਹੈਲਥ ਸੈਂਟਰ, ਆਈਐਮਏ ਤੇ ਸਟ੍ਰੈਟਜਿਕ ਇੰਸਟੀਚਿਊਟ ਫ਼ਾਰ ਪਬਲਿਕ ਹੈਲਥ ਐਜੂਕੇਸ਼ਨ ਐਂਡ ਰਿਸਰਚ (ਸਾਈਫਰ) ਵੱਲੋਂ ਸਾਂਝੇ ਤੌਰ 'ਤੇ ਕਰਵਾਈ ਗਈ ਗੱਲਬਾਤ ਦੌਰਾਨ ਕਿਹਾ ਕਿ ਸਿਹਤ ਸੁਧਾਰ ਤੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਵਿੱਚ ਸਮਾਜ ਸੇਵੀ ਸੰਸਥਾਵਾਂ ਦਾ ਅਹਿਮ ਯੋਗਦਾਨ ਹੈ, ਇਸ ਲਈ ਸੂਬੇ ਦੀਆਂ ਸਮੂਹ ਐਨਜੀਓਜ਼ ਸਾਂਝੇ ਤੌਰ ’ਤੇ ਉਨ੍ਹਾਂ ਨਾਲ ਮਿਲ ਕੇ ਜਾਗਰੂਕਤਾ ਪ੍ਰੋਗਰਾਮ ਚਲਾਉਣਗੀਆਂ।
ਪੀਜੀਆਈ ਦੇ ਮਾਹਿਰ ਵੀ ਇਸ ਵਿੱਚ ਸ਼ਾਮਲ ਹੋਣਗੇ ਤੇ ਉਨ੍ਹਾਂ ਦੀ ਰਾਏ ਲਈ ਜਾਵੇਗੀ। ਇਸ ਦੌਰਾਨ ਚਮਕੌਰ ਸਾਹਿਬ ਦੇ ਵਿਧਾਇਕ ਡਾ: ਚਰਨਜੀਤ ਸਿੰਘ ਨੇ ਵੀ ਪੰਜਾਬ ਸਬੰਧੀ ਸੁਝਾਅ ਰੱਖੇ ਹਨ। ਪ੍ਰੋਗਰਾਮ ਦੌਰਾਨ ਮਾਹਿਰਾਂ ਨੇ ਟਰਾਂਸ ਫੈਟ ਨੂੰ ਘਟਾਉਣ ਲਈ ਨੀਤੀ ਬਣਾਉਣ ਦਾ ਪ੍ਰਸਤਾਵ ਦਿੱਤਾ ਤਾਂ ਜੋ ਗੰਭੀਰ ਬਿਮਾਰੀਆਂ ਨੂੰ ਰੋਕਿਆ ਜਾ ਸਕੇ। ਇਸ ਦੌਰਾਨ ਰਾਜਸਥਾਨ ਦੇ ਦੌਸਾ 'ਚ ਵੀ ਮਹਿਲਾ ਡਾਕਟਰ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਾਰੇ ਡਾਕਟਰਾਂ ਨੇ ਕਿਹਾ ਕਿ ਸਾਨੂੰ ਮਰੀਜਾਂ ਨਾਲ ਮੁੜ ਵਿਸ਼ਵਾਸ਼ ਕਾਇਮ ਕਰਨ ਦੀ ਲੋੜ ਹੈ ਨਹੀਂ ਤਾਂ ਡਾਕਟਰ ਅਜਿਹੇ ਡਰ ਵਿੱਚ ਆਪਣੀਆਂ ਸੇਵਾਵਾਂ ਚੰਗੀ ਤਰ੍ਹਾਂ ਨਹੀਂ ਦੇ ਸਕਣਗੇ।
ਪੰਜਾਬ ਵਿੱਚ ਕੈਂਸਰ ਦੇ ਵੱਧ ਰਹੇ ਕੇਸਾਂ ਬਾਰੇ ਡਾ: ਵਿਜੇ ਸਿੰਗਲਾ ਨੇ ਕਿਹਾ ਕਿ ਅਸੀਂ ਜ਼ਿਲ੍ਹਾ ਹਸਪਤਾਲਾਂ ਵਿੱਚ ਇਲਾਜ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਸ਼ੁਰੂਆਤੀ ਪੜਾਅ 'ਤੇ ਇਲਾਜ ਲਈ ਲੋਕਾਂ ਨੂੰ ਜਾਗਰੂਕ ਕਰਾਂਗੇ। ਇਸ ਦੌਰਾਨ ਪੀਜੀਆਈ ਦੇ ਮਾਹਿਰਾਂ ਨੇ ਪੰਜਾਬ ਵਿੱਚ ਤੰਬਾਕੂ ਦੀ ਪ੍ਰਥਾ ਬਾਰੇ ਆਪਣੀ ਰਿਪੋਰਟ ਪੇਸ਼ ਕੀਤੀ ਅਤੇ ਤੰਬਾਕੂ ਨਾਲ ਹੋਣ ਵਾਲੀਆਂ ਤਣਾਅ ਵਰਗੀਆਂ ਬਿਮਾਰੀਆਂ ਦੀ ਰੋਕਥਾਮ ਲਈ ਆਪਣੇ ਸੁਝਾਅ ਪੇਸ਼ ਕੀਤੇ। ਸਮਾਗਮ ਵਿੱਚ ਆਈਐਮਏ ਤੇ ਪੀਜੀਆਈ ਦੇ ਮੈਂਬਰਾਂ ਦੁਆਰਾ ਕੋਵਿਡ ਰਿਪੋਰਟ ਦੌਰਾਨ ਡਿਜੀਟਲ ਹੈਲਥਕੇਅਰ ਸੇਵਾਵਾਂ ਦਾ ਮੁਲਾਂਕਣ ਵੀ ਜਾਰੀ ਕੀਤਾ ਗਿਆ।
ਇਹ ਵੀ ਪੜ੍ਹੋ :ਪਠਾਨਕੋਟ 'ਚ ਟਰੈਕਟਰ -ਟਰਾਲੀ ਨਾਲ ਮੋਟਰ ਸਾਈਕਲ ਦੀ ਟੱਕਰ , 3 ਲੋਕਾਂ ਦੀ ਮੌਤ, 1 ਜ਼ਖਮੀ