Punjab News : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Punjab Governor Banwari Lal Purohit ) ਨੇ ਵੀਰਵਾਰ (5 ਅਕਤੂਬਰ) ਨੂੰ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੇ ਨਾਮ ਇੱਕ ਹੋਰ ਪੱਤਰ ਜਾਰੀ ਕੀਤਾ ਗਿਆ ਹੈ। ਇਸ ਵਾਰ ਚਿੱਠੀ ਵਿੱਚ ਪੰਜਾਬ ਦੇ ਰਾਜਪਾਲ ਨੇ ਰੇਤ ਦੀ ਖੁਦਾਈ ਦਾ ਮੁੱਦਾ ਚੁੱਕਿਆ ਹੈ। ਇੰਨਾ ਹੀ ਨਹੀਂ ਹਾਲ ਹੀ ਵਿੱਚ ਤਰਨਤਾਰਨ ਤੋਂ ਟਰਾਂਸਫਰ ਕੀਤੇ ਗਏ ਐਸਐਸਪੀ ਗੁਰਮੀਤ ਸਿੰਘ ਚੌਹਾਨ ਤੇ ਰੇਤ ਦੀ ਮਾਈਨਿੰਗ ਰੋਕਣ ਗਈ ਪੁਲਿਸ ਟੀਮ ਨੂੰ ਮੁਅੱਤਲ ਕਰਨ ਦੇ ਮਾਮਲੇ ਵਿੱਚ ਵੀ ਵਿਸਥਾਰਤ ਰਿਪੋਰਟ ਮੰਗੀ ਗਈ ਹੈ।


ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਚਿੱਠੀ ਵਿੱਚ ਲਿਖਿਆ ਕਿ ਮੈਂ ਇੱਕ ਵਿਧਾਇਕ ਦੇ ਪੁਲਿਸ ਵਿੱਚ ਭ੍ਰਿਸ਼ਟਾਚਾਰ, ਰਾਤ​ਸਮੇਂ ਗੈਰ-ਕਾਨੂੰਨੀ ਮਾਈਨਿੰਗ ਵਿੱਚ ਵਿਧਾਇਕ ਦੇ ਕਰੀਬੀ ਰਿਸ਼ਤੇਦਾਰਾਂ ਦੀ ਸ਼ਮੂਲੀਅਤ ਅਤੇ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰਨ ਅਤੇ ਬਾਅਦ ਵਿੱਚ ਸੀਨੀਅਰ ਪੁਲਿਸ ਅਧਿਕਾਰੀ (ਐਸਐਸਪੀ) ਤਰਨਤਾਰਨ ਦੇ ਤਬਾਦਲੇ ਦੇ ਬਾਰੇ ਵਿੱਚ ਇੱਕ ਵਿਧਾਇਕ ਦੇ ਦੋਸ਼ਾਂ ਦੇ ਸਬੰਧ ਵਿੱਚ ਮੀਡੀਆ ਵਿੱਚ ਵਿਰੋਧੀ ਰਿਪੋਰਟਾਂ ਪੜ੍ਹ ਰਿਹਾ ਹਾਂ।


ਪੰਜਾਬ ਵਿੱਚ ਗੈਰ-ਕਾਨੂੰਨੀ ਮਾਈਨਿੰਗ ਦਾ ਮੁੱਦਾ ਅਹਿਮ ਮੁੱਦਾ ਹੈ ਅਤੇ ਇਸ ਲਈ ਭ੍ਰਿਸ਼ਟਾਚਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਪੁਲਿਸ ਦੀ ਇੱਕ ਟੀਮ ਨੇ ਤਰਨਤਾਰਨ ਜ਼ਿਲ੍ਹੇ ਵਿੱਚ ਰਾਤ ਸਮੇਂ ਚੱਲ ਰਹੀ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀ ਦਾ ਪਰਦਾਫਾਸ਼ ਕੀਤਾ ਅਤੇ ਵਿਧਾਇਕ ਦਾ ਇੱਕ ਨਜ਼ਦੀਕੀ ਰਿਸ਼ਤੇਦਾਰ ਇਸ ਦਾ ਹਿੱਸਾ ਹੈ।


ਪੜ੍ਹੋ ਰਾਜਪਾਲ ਦੀ ਚਿੱਠੀ




 


ਮੀਡੀਆ ਰਿਪੋਰਟਾਂ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ 'ਤੇ ਛਾਪਾ ਮਾਰਨ ਗਈ ਪੁਲਿਸ ਪਾਰਟੀ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਐਸਐਸਪੀ ਦਾ ਤਬਾਦਲਾ ਕਰ ਦਿੱਤਾ ਗਿਆ ਸੀ।


ਇਨ੍ਹਾਂ ਮੀਡੀਆ ਰਿਪੋਰਟਾਂ ਦੇ ਮੱਦੇਨਜ਼ਰ ਮੈਂ ਵਿਧਾਇਕ ਦੇ ਦੋਸ਼ਾਂ, ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀ ਅਤੇ ਪੁਲਿਸ ਅਧਿਕਾਰੀਆਂ ਵਿਰੁੱਧ ਅਗਲੀ ਕਾਰਵਾਈ ਬਾਰੇ ਵਿਸਥਾਰਪੂਰਵਕ ਰਿਪੋਰਟ ਚਾਹੁੰਦਾ ਹਾਂ।


 


ਦੱਸਣਯੋਗ ਹੈ ਕਿ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਟਵੀਟ 'ਤੇ ਹਟਾਏ ਗਏ ਤਰਨਤਾਰਨ ਦੇ ਐਸਐਸਪੀ ਗੁਰਮੀਤ ਚੌਹਾਨ ਨੂੰ ਅੱਜ ਫੁੱਲਾਂ ਦੇ ਹਾਰ ਪਾ ਕੇ ਵਿਦਾਇਗੀ ਦਿੱਤੀ ਗਈ। ਇਸ ਦੌਰਾਨ ਗੁਰਮੀਤ ਚੌਹਾਨ ਨੂੰ ਜਾਂਦੇ ਦੇਖ ਪੁਲਸ ਕਰਮਚਾਰੀ ਭਾਵੁਕ ਹੋ ਗਏ। ਐਸਐਸਪੀ ਓਪਨ ਜਿਪਸੀ ਵਿੱਚ ਸਾਰਿਆਂ ਨੂੰ ਸਲਾਮੀ ਦਿੰਦੇ ਹੋਏ ਰਵਾਨਾ ਹੋਏ।