Haryana News: ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਪਟੀਸ਼ਨ 'ਤੇ ਅੱਜ ਪੰਜਾਬ-ਹਰਿਆਣਾ ਹਾਈਕੋਰਟ 'ਚ ਸੁਣਵਾਈ ਹੋਵੇਗੀ। ਹਰਿਆਣਾ ਸਰਕਾਰ ਵੀ ਡੇਰਾ ਮੁਖੀ ਦੀ ਪਟੀਸ਼ਨ 'ਤੇ ਨਜ਼ਰ ਰੱਖ ਰਹੀ ਹੈ। ਕਿਉਂਕਿ ਹਰਿਆਣਾ ਵਿੱਚ 2 ਮਹੀਨੇ ਬਾਅਦ ਹੀ ਵਿਧਾਨ ਸਭਾ ਚੋਣਾਂ ਹੋਣੀਆਂ ਹਨ।


ਜਿਨਸੀ ਸ਼ੋਸ਼ਣ ਅਤੇ ਹੱਤਿਆ ਦੇ ਇੱਕ ਮਾਮਲੇ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਜੇਲ੍ਹ ਤੋਂ ਬਾਹਰ ਆਉਣਾ ਚਾਹੁੰਦੇ ਹਨ। ਰਾਮ ਰਹੀਮ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਪੈਰੋਲ ਜਾਂ ਫਰਲੋ 'ਤੇ ਪਾਬੰਦੀ ਲਗਾਉਣ ਵਾਲੇ ਹੁਕਮਾਂ ਨੂੰ ਹਟਾਵੇ।


ਰਾਮ ਰਹੀਮ ਨੇ ਦਾਅਵਾ ਕੀਤਾ ਹੈ ਕਿ ਉਹ ਇਸ ਸਾਲ 20 ਦਿਨਾਂ ਦੀ ਪੈਰੋਲ ਅਤੇ 21 ਦਿਨਾਂ ਦੀ ਫਰਲੋ ਸਮੇਤ ਕੁੱਲ 41 ਦਿਨਾਂ ਦੀ ਰਿਹਾਈ ਦੇ ਯੋਗ ਹਨ। ਉਹ ਇਸ ਦਾ ਫਾਇਦਾ ਉਠਾਉਣਾ ਚਾਹੁੰਦੇ ਹਨ।


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਕੇ ਰਾਮ ਰਹੀਮ ਨੂੰ ਵਾਰ-ਵਾਰ ਜੇਲ੍ਹ 'ਚੋਂ ਬਾਹਰ ਲਿਆਉਣ 'ਤੇ ਆਪਣਾ ਵਿਰੋਧ ਪ੍ਰਗਟਾਇਆ ਸੀ। ਜਿਸ ਤੋਂ ਬਾਅਦ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਡੇਰਾ ਮੁਖੀ ਦੀ ਪੈਰੋਲ ਅਰਜ਼ੀ 'ਤੇ ਵਿਚਾਰ ਨਾ ਕਰਨ ਦੇ ਹੁਕਮ ਦਿੱਤੇ ਸਨ।


ਰਾਮ ਰਹੀਮ ਨੂੰ ਕਿੰਨੀ ਵਾਰ ਮਿਲੀ ਪੈਰੋਲ?
• 24 ਅਕਤੂਬਰ 2020 - ਇੱਕ ਦਿਨ ਦੀ ਪੈਰੋਲ
• 21 ਮਈ, 2021- ਇੱਕ ਦਿਨ ਦੀ ਪੈਰੋਲ
• ਅਕਤੂਬਰ 2022- 40 ਦਿਨਾਂ ਦੀ ਪੈਰੋਲ
• ਜੂਨ 2022- ਇੱਕ ਮਹੀਨੇ ਦੀ ਪੈਰੋਲ
• 7 ਫਰਵਰੀ 2022- 21 ਦਿਨਾਂ ਦੀ ਪੈਰੋਲ 
• 21 ਜਨਵਰੀ 2023- 40 ਦਿਨਾਂ ਦੀ ਪੈਰੋਲ
• 20 ਜੁਲਾਈ 2023- 30 ਦਿਨਾਂ ਦੀ ਪੈਰੋਲ
• ਨਵੰਬਰ 2023- 21 ਦਿਨਾਂ ਦੀ ਪੈਰੋਲ
• 19 ਜਨਵਰੀ 2024- 50 ਦਿਨਾਂ ਲਈ ਪੈਰੋਲ, ਬਾਅਦ ਵਿੱਚ ਇਸਨੂੰ 10 ਦਿਨ ਹੋਰ ਵਧਾ ਦਿੱਤਾ ਗਿਆ।


ਦੱਸ ਦਈਏ ਕਿ ਰਾਮ ਰਹੀਮ ਨੂੰ ਦੋ ਵੱਖ-ਵੱਖ ਮਾਮਲਿਆਂ ਵਿੱਚ ਸਜ਼ਾ ਸੁਣਾਈ ਗਈ ਹੈ। 17 ਜਨਵਰੀ 2019 ਅਤੇ 18 ਅਕਤੂਬਰ 2021 ਨੂੰ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਰਾਮ ਰਹੀਮ ਦੋ ਔਰਤਾਂ ਨਾਲ ਬਲਾਤਕਾਰ ਕਰਨ ਦੇ ਮਾਮਲੇ 'ਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ।