ਚੰਡੀਗੜ੍ਹ: ਪੰਜਾਬ-ਹਰਿਆਣਾ ਹਾਈਕੋਰਟ ਨੇ ਫ਼ੈਸਲਾ ਸੁਣਾਇਆ ਹੈ ਕਿ ਜੇਕਰ ਕੋਈ ਪਤਨੀ ਆਪਣੇ ਪਤੀ ਦੀ ਸ਼ਿਕਾਇਤ ਉਸ ਦੇ ਦਫ਼ਤਰ 'ਚ ਸੀਨੀਅਰਸ ਨੂੰ ਕਰਦੀ ਹੈ, ਉਸ ਦੇ ਕਰੀਅਰ ਤੇ ਸਾਖ ਨੂੰ ਖ਼ਰਾਬ ਕਰਨ 'ਤੇ ਤੁਲੀ ਹੋਵੇ ਤਾਂ ਇਹ ਮਾਨਸਿਕ ਤਸ਼ੱਦਦ ਹੋਵੇਗਾ ਤੇ ਪਤੀ ਤਲਾਕ ਦਾ ਹੱਕਦਾਰ ਹੋਵੇਗਾ। ਹਾਈ ਕੋਰਟ ਦੇ ਜੱਜ ਰਿਤੂ ਬਾਹਰੀ ਤੇ ਜੱਜ ਅਸ਼ੋਕ ਕੁਮਾਰ ਵਰਮਾ ਦੇ ਡਿਵੀਜ਼ਨ ਬੈਂਚ ਨੇ ਸਾਲ 2002 ਤੋਂ ਵੱਖ ਰਹਿ ਰਹੀ ਪਤਨੀ ਨਾਲ ਤਲਾਕ ਲੈਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪਟੀਸ਼ਨ ਭਾਰਤੀ ਹਵਾਈ ਫ਼ੌਜ (IAF) ਦੇ ਜਵਾਨ ਵੱਲੋਂ ਦਾਇਰ ਕੀਤੀ ਗਈ ਸੀ।

ਹਾਈਕੋਰਟ ਨੇ ਕਿਹਾ ਕਿ ਸ਼ਿਕਾਇਤਕਰਤਾ ਪਤਨੀ ਨੇ ਆਪਣੇ ਪਤੀ ਤੇ ਸਹੁਰੇ-ਸੱਸ ਖ਼ਿਲਾਫ਼ ਬੇਬੁਨਿਆਦ, ਗ਼ੈਰ-ਵਾਜ਼ਿਬ ਤੇ ਅਪਮਾਨਜਨਕ ਇਲਜ਼ਾਮ ਲਾ ਕੇ ਸ਼ਿਕਾਇਤ ਦਰਜ ਕਰਵਾਉਣ ਦਾ ਵਤੀਰਾ ਇਹ ਦਰਸਾਉਂਦਾ ਹੈ ਕਿ ਉਸ ਨੇ ਪਤੀ ਤੇ ਉਸ ਦੇ ਮਾਪਿਆਂ ਨੂੰ ਦੋਸ਼ੀ ਠਹਿਰਾਉਣ ਲਈ ਪੂਰੀ ਕੋਸ਼ਿਸ਼ ਕੀਤੀ ਹੈ। ਪਤਨੀ ਚਾਹੁੰਦੀ ਸੀ ਕਿ ਪਤੀ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇ ਤੇ ਜੇਲ੍ਹ 'ਚ ਸੁੱਟ ਦੇਣਾ ਚਾਹੀਦਾ ਹੈ। ਸਾਨੂੰ ਇਸ 'ਚ ਕੋਈ ਸ਼ੱਕ ਨਹੀਂ ਕਿ ਪਤਨੀ ਦੇ ਇਸ ਵਿਵਹਾਰ ਨਾਲ ਪਤੀ ਨੂੰ ਮਾਨਸਿਕ ਤਸੀਹੇ ਝੱਲਣੇ ਪਏ ਹੋਣਗੇ।

1998 'ਚ ਹੋਈ ਸੀ ਲਵ ਮੈਰਿਜ
ਦੋਵਾਂ ਦਾ ਵਿਆਹ 1998 'ਚ ਹੋਇਆ ਸੀ। ਪਤੀ ਹਵਾਈ ਫ਼ੌਜ ਦਾ ਅਧਿਕਾਰੀ ਸੀ ਤੇ ਇਹ ਲਵ-ਕਮ-ਅਰੇਂਜ ਮੈਰਿਜ ਸੀ। 1999 'ਚ ਦੋਵਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਇਹ ਜੋੜਾ 2002 ਤੱਕ ਇਕੱਠੇ ਰਿਹਾ। ਪਤੀ ਅਨੁਸਾਰ ਅਪ੍ਰੈਲ 2002 'ਚ ਪਤਨੀ ਉਸ ਨੂੰ ਛੱਡ ਕੇ ਚਲੀ ਗਈ ਸੀ ਤੇ ਉਦੋਂ ਤੋਂ ਉਹ ਆਪਣੇ ਸਹੁਰੇ ਘਰ ਨਹੀਂ ਆਈ, ਜਦਕਿ ਪਤੀ ਹਮੇਸ਼ਾ ਪਤਨੀ ਤੇ ਬੇਟੇ ਨੂੰ ਪਿਆਰ ਕਰਦਾ ਰਿਹਾ।

2006 'ਚ ਇਕੱਠੇ ਰਹਿਣ ਲਈ ਬਣੀ ਸੀ ਸਹਿਮਤੀ
ਇਸ ਤੋਂ ਪਹਿਲਾਂ ਉਨ੍ਹਾਂ ਨੇ 2006 'ਚ ਤਲਾਕ ਲਈ ਦਾਇਰ ਕੀਤੀ ਸੀ ਪਰ ਉਹ ਪਤੀ ਨਾਲ ਰਹਿਣ ਲਈ ਰਾਜ਼ੀ ਹੋ ਗਈ ਤੇ ਤਲਾਕ ਦੀ ਪਟੀਸ਼ਨ ਵਾਪਸ ਲੈ ਲਈ ਗਈ ਸੀ। ਤਲਾਕ ਦੀ ਪਟੀਸ਼ਨ ਵਾਪਸ ਲੈਣ ਦੇ ਬਾਵਜੂਦ ਪਤਨੀ ਨੇ ਭਾਰਤੀ ਹਵਾਈ ਫ਼ੌਜ ਦੇ ਅਧਿਕਾਰੀਆਂ ਦੇ ਸਾਹਮਣੇ ਉਸ ਵਿਰੁੱਧ ਕੋਈ ਸ਼ਿਕਾਇਤ ਵਾਪਸ ਨਹੀਂ ਲਈ।

ਰੋਹਤਕ ਦੀ ਅਦਾਲਤ ਨੇ ਖਾਰਜ ਕੀਤੀ ਸੀ ਪਟੀਸ਼ਨ
ਪਤੀ ਨੇ ਇਸ ਨੂੰ ਮਾਨਸਿਕ ਤਸ਼ੱਦਦ ਦੱਸਦਿਆਂ ਤਲਾਕ ਦੀ ਪਟੀਸ਼ਨ ਦਾਇਰ ਕੀਤੀ, ਪਰ ਜ਼ਿਲ੍ਹਾ ਅਦਾਲਤ ਰੋਹਤਕ ਨੇ ਇਸ ਨੂੰ ਰੱਦ ਕਰ ਦਿੱਤਾ ਸੀ। ਹਾਲਾਂਕਿ ਪਤਨੀ ਨੇ ਦੋਸ਼ਾਂ 'ਤੇ ਸਖ਼ਤ ਇਤਰਾਜ਼ ਕੀਤਾ ਤੇ ਦਾਅਵਾ ਕੀਤਾ ਕਿ ਉਸ ਦਾ ਪਤੀ ਉਸ ਨਾਲ ਨੌਕਰਾਣੀ ਵਾਂਗ ਸਲੂਕ ਕਰਦਾ ਸੀ ਤੇ ਹਮੇਸ਼ਾ ਉਸ ਦੇ ਚਰਿੱਤਰ 'ਤੇ ਸ਼ੱਕ ਕਰਦਾ ਹੈ।