ਚੰਡੀਗੜ੍ਹ: ਇਸੇ ਸਾਲ ਫਰਵਰੀ ਦੌਰਾਨ ਬਹੁਕਰੋੜੀ ਭੋਲਾ ਨਸ਼ਾ ਤਸਕਰੀ ਤੇ ਹਵਾਲਾ ਰਕਮ ਮਾਮਲੇ ਵਿੱਚ ਸਜ਼ਾ ਯਾਫ਼ਤਾ ਹੋਏ ਛੇ ਮੁਲਜ਼ਮਾਂ ਨੂੰ ਵੱਡੀ ਰਾਹਤ ਮਿਲੀ ਹੈ। ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ 10-10 ਸਾਲ ਦੀ ਸਜ਼ਾ ਪਾਉਣ ਵਾਲੇ ਅਨੂਪ ਸਿੰਘ ਕਾਹਲੋਂ, ਕੁਲਵਿੰਦਰ ਸਿੰਘ ਰੌਕੀ ਅਤੇ ਚਾਰ ਹੋਰਨਾਂ ਦੀ ਅਪੀਲ ਦੀ ਸੁਣਵਾਈ ਕਰਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਾਰੇ ਪਟੀਸ਼ਨਕਰਤਾਵਾਂ ਦੀ ਅਰਜ਼ੀ ਮਨਜ਼ੂਰ ਕਰ ਲਈ ਹੈ ਅਤੇ ਸਾਰਿਆਂ ਦੀਆਂ ਸਜ਼ਾਵਾਂ 'ਤੇ ਰੋਕ ਲਾ ਦਿੱਤੀ ਹੈ। ਹਾਲਾਂਕਿ, ਇਹ ਸਾਫ ਨਹੀਂ ਹੈ ਕਿ ਇਹ ਮੁਲਜ਼ਮ ਜੇਲ੍ਹ ਵਿੱਚੋਂ ਬਾਹਰ ਆ ਸਕਣਗੇ ਜਾਂ ਨਹੀਂ, ਕਿਉਂਕਿ ਉਨ੍ਹਾਂ 'ਤੇ ਕਈ ਮਾਮਲੇ ਦਰਜ ਹਨ ਅਤੇ ਅਦਾਲਤ ਨੇ ਸਿਰਫ ਕੁਝ ਹੀ ਮਾਮਲਿਆਂ 'ਤੇ ਸਜ਼ਾ ਨੂੰ ਰੋਕਿਆ ਹੈ।

ਜ਼ਰੂਰ ਪੜ੍ਹੋ- 6000 ਕਰੋੜੀ ਡਰੱਗ ਰੈਕੇਟ 'ਚ ਕੌਣ ਹੋਇਆ ਬਰੀ ਤੇ ਕੌਣ ਦੋਸ਼ੀ, ਮਜੀਠੀਆ ਦਾ ਵੀ ਜੁੜਿਆ ਸੀ ਨਾਂਅ

ਹਾਈਕੋਰਟ ਚੀਫ਼ ਜਸਟਿਸ ਕ੍ਰਿਸ਼ਨਾ ਮੁਰਾਰੀ ਅਤੇ ਜਸਟਿਸ ਰਾਜੀਵ ਸ਼ਰਮਾ ਦੀ ਬੈਂਚ ਨੇ ਮਾਮਲੇ ਦੀ ਸੁਣਵਾਈ ਕੀਤੀ। ਪਟੀਸ਼ਨਕਰਤਾਵਾਂ ਦੇ ਵਕੀਲ ਨੇ ਦੱਸਿਆ ਕਿ ਉਸ ਦੇ ਮੁਵੱਕਿਲਾਂ ਨੂੰ 10-10 ਸਾਲ ਦੀ ਸਜ਼ਾ ਹੋਈ ਸੀ ਪਰ ਉਹ ਕੇਸ ਦੀ ਪੜਤਾਲ ਦੌਰਾਨ ਛੇ-ਛੇ ਸਾਲ ਪਹਿਲਾਂ ਹੀ ਜੇਲ੍ਹ ਵਿੱਚ ਗੁਜ਼ਾਰ ਚੁੱਕੇ ਹਨ।



ਅਦਾਲਤ ਨੇ ਅਨੂਪ ਸਿੰਘ ਕਾਹਲੋਂ, ਕੁਲਵਿੰਦਰ ਸਿੰਘ ਰੌਕੀ, ਸਤਿੰਦਰ ਧਾਮਾ, ਗੱਬਰ ਸਿੰਘ, ਵਸਾਵਾ ਸਿੰਘ ਅਤੇ ਸਤਿੰਦਰ ਦੀ ਸਜ਼ਾ 'ਤੇ ਆਰਜ਼ੀ ਤੌਰ 'ਤੇ ਰੋਕ ਲਾ ਦਿੱਤੀ ਹੈ। ਧਾਮਾ ਨੂੰ ਦੋ ਮਾਮਲਿਆਂ ਵਿੱਚ ਅਦਾਲਤ ਤੋਂ ਰਾਹਤ ਮਿਲੀ ਹੈ।

ਇਹ ਵੀ ਪੜ੍ਹੋ- ਨਸ਼ਾ ਤਸਕਰ ਜਗਦੀਸ਼ ਭੋਲਾ ਨੂੰ 12 ਸਾਲ ਕੈਦ, ਬਾਕੀਆਂ ਨੂੰ ਵੀ ਸੁਣਾਈ ਸਜ਼ਾ

ਉਕਤ ਦੋਸ਼ੀਆਂ ਵਿੱਚ ਸ਼ਾਮਲ ਕਾਹਲੋਂ ਦੀ ਜ਼ੀਰਕਪੁਰ ਸਥਿਤ ਰਿਹਾਇਸ਼ ਤੋਂ ਪੁਲਿਸ ਨੇ ਸਾਲ 2013 ਵਿੱਚ 26 ਕਿੱਲੋ ਹੈਰੋਇਨ ਬਰਾਮਦ ਕੀਤੀ ਸੀ। ਜ਼ਿਕਰਯੋਗ ਹੈ ਕਿ 13 ਫਰਵਰੀ 2019 ਨੂੰ 6000 ਕਰੋੜੀ ਨਸ਼ਾ ਤਸਕਰੀ ਮਾਮਲੇ ਵਿੱਚ ਮੁਹਾਲੀ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਨਸ਼ਾ ਤਸਕਰੀ ਦੇ ਕੇਸਾਂ ਦਾ ਨਿਬੇੜਾ ਕਰਦਿਆਂ ਕਈ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ ਤੇ ਕਈ ਬਰੀ ਹੋ ਗਏ ਸਨ। ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਵੱਡੇ ਪੱਧਰ 'ਤੇ ਹੋਈ ਨਸ਼ਾ ਤਸਕਰੀ ਤੇ ਡਰੱਗ ਮਨੀ ਦੇ ਲੈਣ-ਦੇਣ ਬਾਰੇ ਈਡੀ ਨੇ ਜਾਂਚ ਕੀਤੀ ਸੀ ਤੇ ਪੰਜਾਬ ਵਿੱਚ ਵੱਖ-ਵੱਖ ਥਾਂ 'ਤੇ ਛੇ ਮਾਮਲੇ ਦਰਜ ਕੀਤੇ ਸਨ, ਜਿਨ੍ਹਾਂ ਵਿੱਚ ਤਕਰੀਬਨ 70 ਜਣਿਆਂ ਨੂੰ ਮੁਲਜ਼ਮ ਬਣਾਇਆ ਗਿਆ ਸੀ। ਇਸ ਹਾਈ ਪ੍ਰੋਫਾਈਲ ਕੇਸ 'ਚ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਦਾ ਨਾਂਅ ਵੀ ਉੱਛਲਿਆ ਸੀ।