ਰੂਪਨਗ : ਪੰਜਾਬ ਦੇ ਨਵੇਂ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਅੱਜ ਰੂਪਨਗਰ ਦੇ ਸਿਵਲ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ ਗਿਆ ਹੈ। ਨਵੇਂ ਸਿਹਤ ਮੰਤਰੀ ਵੱਲੋਂ ਅੱਜ ਰੂਪਨਗਰ ਦੇ ਸਰਕਾਰੀ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ ਅਤੇ ਉਥੇ ਮੌਜੂਦ ਸਹੂਲਤਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਕਿਹਾ ਕਿ ਇਸ ਦੌਰੇ ਦਾ ਮਕਸਦ ਸਿਹਤ ਸੰਸਥਾਵਾਂ ਦੀ ਸਥਿਤੀ ਨੂੰ ਬਾਰੀਕੀ ਨਾਲ ਸਮਝਣ ਦੇ ਨਾਲ ਲੋਕਾਂ ਦੀਆਂ ਲੋੜਾਂ ਨੂੰ ਸਮਝਣਾਂ ਹੈ।
  

 

ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਫਿਲਹਾਲ ਅਸੀਂ ਸਿਰਫ਼ ਇਹ ਦੇਖ ਰਹੇ ਹਾਂ ਕਿ ਜਿਹੜਾ  ਸਾਡੇ ਕੋਲ ਸਿਹਤ ਸਹੂਲਤਾਂ ਲਈ ਸਾਜ਼ੋ ਸਾਮਾਨ ਹੈ। ਉਸ ਨਾਲ ਅਸੀਂ ਕਿੰਨਾ ਬਿਹਤਰ ਕਰ ਸਕਦੇ ਹਾਂ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਇਹ ਪਹਿਲੀ ਸਰਕਾਰ ਹੈ ਜੋ ਗਰਾਊਂਡ ਜ਼ੀਰੋ ਤੋਂ ਲੋਕਾਂ ਦੀ ਸਿਹਤ ਦਾ ਧਿਆਨ ਰੱਖਣਾ ਚਾਹੁੰਦੀ ਹੈ।  ਇਸ ਮੌਕੇ ਉੱਤੇ ਸਿਹਤ ਮੰਤਰੀ ਵੱਲੋਂ ਮਰੀਜ਼ਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ। ਉਨ੍ਹਾਂ ਦੇ ਨਾਲ ਹਲਕੇ ਦੇ ਵਿਧਾਇਕ ਦਿਨੇਸ਼ ਚੱਢਾ ਮੌਜੂਦ ਰਹੇ ਹਨ। 

 

ਜ਼ਿਕਰਯੋਗ ਹੈ ਕਿ ਇਸ ਦੌਰੇ ਨੂੰ ਕਾਫੀ ਗੁਪਤ ਰੱਖਿਆ ਗਿਆ ਮੀਡੀਆ ਨੂੰ ਵੀ ਜਾਣਕਾਰੀ ਨਹੀਂ ਦਿੱਤੀ ਗਈ ਕਿ ਸਿਹਤ ਮੰਤਰੀ ਰੂਪਨਗਰ ਸਿਵਲ ਹਸਪਤਾਲ ਦਾ ਦੌਰਾ ਕਰਨ ਵਾਲੇ ਹਨ।  ਸਿਹਤ ਮੰਤਰੀ ਨੇ ਐਲਾਨ ਕੀਤਾ ਕਿ ਉਹ ਫਰਵਰੀ 2023 ਵਿਚ ਪੂਰੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਦਾ ਦੌਰਾ ਕਰਨਗੇ ਅਤੇ ਵਧੀਆ ਸੇਵਾਵਾਂ ਨਿਭਾਉਣ ਵਾਲੇ ਸਿਵਲ ਸਰਜਨ ਨੂੰ ਆਪਣੀ ਜੇਬ ਵਿਚੋਂ 51 ਹਜ਼ਾਰ ਦਾ ਇਨਾਮ ਦੇਣਗੇ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਇਸ ਤਰ੍ਹਾਂ ਦੇ ਟੂਰ ਭਵਿੱਖ ਵਿਚ ਕਰਦੇ ਰਹਿਣਗੇ।

  

ਸਿਹਤ ਮੰਤਰੀ ਨੇ ਪੰਜਾਬ ਭਵਨ ਵਿਖੇ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਵਿਚ ਮੈਡੀਕਲ ਨਸ਼ਿਆਂ ਦੀ ਵਿਕਰੀ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਪੰਜਾਬ ਰਾਜ ਦੇ ਸਮੂਹ ਸਿਵਲ ਸਰਜਨਾਂ ਅਤੇ ਡਰੱਗ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਾਰੇ ਮੈਡੀਕਲ ਸਟੋਰ ਮਾਲਕ ਨੂੰ ਪੰਜਾਬ ਸਰਕਾਰ ਦੀ ਨਸ਼ਿਆਂ ਦੀ ਰੋਕਥਾਮ ਸਬੰਧੀ ਜ਼ੀਰੋ ਟੋਲਰੈਂਸ ਨੀਤੀ ਬਾਰੇ ਸੂਚਿਤ ਕਰ ਦਿੱਤਾ ਜਾਵੇ ਅਤੇ ਸੂਚਿਤ ਕਰਨ ਉਪਰੰਤ ਵੱਡੇ ਪੱਧਰ 'ਤੇ ਚੈਕਿੰਗ ਮੁਹਿੰਮ ਚਲਾਈ ਜਾਵੇ।