Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਤੇ ਸੁਚੱਜੀ ਵਰਤੋਂ ਲਈ ਵੱਡੇ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਆਪਣੇ ਨਹਿਰੀ ਪਾਣੀ ਦਾ ਸਿਰਫ 33-34 ਫੀਸਦੀ ਹੀ ਵਰਤ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਇਸ ਵਿੱਚ ਹੋਰ ਵਾਧਾ ਕੀਤਾ ਜਾਵੇਗਾ। ਭਗਵੰਤ ਮਾਨ ਨੇ ਆਸ ਪ੍ਰਗਟਾਈ ਕਿ ਜੇਕਰ ਪੰਜਾਬ ਪਹਿਲੇ ਪੜਾਅ ਵਿੱਚ ਨਹਿਰੀ ਪਾਣੀ ਦੀ ਵਰਤੋਂ ਨੂੰ 60 ਫੀਸਦ ਤੱਕ ਵਧਾ ਲੈਂਦਾ ਹੈ ਤਾਂ ਕੁੱਲ 14 ਲੱਖ ਟਿਊਬਵੈਲਾਂ ਵਿੱਚੋਂ ਲਗਪਗ ਚਾਰ ਲੱਖ ਟਿਊਬਵੈੱਲ ਬੰਦ ਹੋ ਸਕਦੇ ਹਨ, ਜਿਸ ਨਾਲ ਵੱਡੀ ਮਾਤਰਾ ਵਿੱਚ ਪਾਣੀ ਦੀ ਬੱਚਤ ਕਰਨ ਵਿੱਚ ਮਦਦ ਮਿਲੇਗੀ।
ਤੇਜ਼ੀ ਨਾਲ ਘਟਦੇ ਜਾ ਰਹੇ ਪਾਣੀ ਦੇ ਪੱਧਰ ਤੋਂ ਬਾਅਦ ਪੈਦਾ ਹੋਈ ਪਲੀਤ ਹੋ ਰਹੇ ਪਾਣੀ ਦੀ ਗੰਭੀਰ ਸਥਿਤੀ 'ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਿੱਥੋਂ ਤੱਕ ਧਰਤੀ ਹੇਠਲੇ ਪਾਣੀ ਦਾ ਸਬੰਧ ਹੈ, ਸੂਬੇ ਦੇ ਲਗਪਗ ਸਾਰੇ ਬਲਾਕ ਡਾਰਕ ਜ਼ੋਨ ਵਿੱਚ ਹਨ। ਭਗਵੰਤ ਮਾਨ ਨੇ ਕਿਹਾ ਕਿ ਅਜਿਹੀ ਸਥਿਤੀ ਤਾਂ ਪੈਦਾ ਹੋਈ ਕਿਉਂਕਿ ਅਸੀਂ ਧਰਤੀ ਹੇਠਲੇ ਪਾਣੀ ਨੂੰ ਖੇਤਾਂ ਵਿੱਚ ਸਿੰਚਾਈ ਲਈ ਬੜੇ ਗ਼ੈਰ-ਜਿੰਮੇਵਾਰਨਾ ਢੰਗ ਨਾਲ ਵਰਤਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਲਾਪ੍ਰਵਾਹੀ ਦੇ ਇਸ ਰੁਝਾਨ ਨੂੰ ਤੁਰੰਤ ਰੋਕਣ ਦੀ ਲੋੜ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਪਾਣੀ ਲਈ ਜੂਝਣਾ ਨਾ ਪਵੇ।
ਮੁੱਖ ਮੰਤਰੀ ਨੇ ਪਾਣੀ ਦੀ ਸੰਭਾਲ ਲਈ ਤੇਲੰਗਾਨਾ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਇਹ ਇੱਕ ਕ੍ਰਾਂਤੀਕਾਰੀ ਮਾਡਲ ਹੈ ਜਿਸ ਦੀ ਮੰਤਵ ਧਰਤੀ ਹੇਠਲੇ ਪਾਣੀ ਨੂੰ ਸੰਪੂਰਨ ਰੂਪ ਵਿੱਚ ਰੀਚਾਰਜ ਕਰਨਾ ਹੈ। ਉਨ੍ਹਾਂ ਕਿਹਾ ਕਿ ਤੇਲੰਗਾਨਾ ਸਰਕਾਰ ਨੇ ਸੂਬੇ ਭਰ ਵਿੱਚ ਧਰਤੀ ਹੇਠਲੇ ਪਾਣੀ ਦੀ ਸੁਚੱਜੀ ਸੰਭਾਲ ਲਈ ਪਿੰਡਾਂ ਵਿੱਚ ਛੋਟੇ-ਛੋਟੇ ਡੈਮ ਬਣਾਏ ਹਨ। ਭਗਵੰਤ ਮਾਨ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ ਪਿੰਡਾਂ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਚਾਰ ਮੀਟਰ ਤੱਕ ਵੱਧ ਗਿਆ ਹੈ।
ਸੂਬੇ ਵਿੱਚ ਆਉਣ ਵਾਲੀਆਂ ਨਸਲਾਂ ਨੂੰ ਚਿਰ ਸਥਾਈ ਤੇ ਸਵੱਛ ਵਾਤਾਵਰਨ ਮੁਹੱਈਆ ਕਰਵਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਪਾਣੀ ਤੇ ਵਾਤਾਵਰਨ ਦੀ ਸੰਭਾਲ ਲਈ ਲੋਕ ਲਹਿਰ ਵਿੱਢਣ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਸੋਮਵਾਰ ਨੂੰ ਕਰਵਾਏ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦੇ ਘਟ ਰਹੇ ਪੱਧਰ ਤੇ ਪਲੀਤ ਹੋ ਰਹੇ ਵਾਤਾਵਰਣ ‘ਤੇ ਡੂੰਘੀ ਚਿੰਤਾ ਜ਼ਾਹਰ ਕੀਤੀ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਵਾਤਾਵਰਨ ਪ੍ਰਦੂਸ਼ਣ ਨੂੰ ਰੋਕਣ ਦੇ ਨਾਲ-ਨਾਲ ਪਾਣੀ ਵਰਗੇ ਅਨਮੋਲ ਤੇ ਦੁਰਲੱਭ ਕੁਦਰਤੀ ਸੋਮੇ ਨੂੰ ਬਚਾਉਣ ਲਈ ਫੌਰੀ ਤੇ ਢੁਕਵੇਂ ਕਦਮ ਚੁੱਕਣਾ ਪੰਜਾਬ ਦੀ ਤਰਜੀਹੀ ਲੋੜ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਕਾਰਜ ਮਹਿਜ਼ ਸਰਕਾਰ ਦੇ ਯਤਨਾਂ ਨਾਲ ਸੰਭਵ ਨਹੀਂ ਹੋ ਸਕਦਾ, ਸਗੋਂ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਲਈ ਇਕ ਜ਼ੋਰਦਾਰ ਜਨ ਜਾਗਰੂਕਤਾ ਮੁਹਿੰਮ ਚਲਾ ਕੇ ਲੋਕਾਂ ਦੀ ਭਾਗੀਦਾਰੀ ਵੀ ਲਾਜ਼ਮੀ ਹੈ।