ਚੰਡੀਗੜ੍ਹ: ਪੰਜਾਬ ਦੀ ਲੋਕਲ ਬਾਡੀ ਚੋਣ ਲਈ ਐਤਵਾਰ ਨੂੰ ਸੂਬੇ ਭਰ ਵਿੱਚ ਵੋਟਿੰਗ ਹੋ ਰਹੀ ਹੈ। ਵੋਟਿੰਗ ਸਵੇਰੇ ਅੱਠ ਵਜੇ ਸ਼ੁਰੂ ਹੋਈ ਤੇ ਸ਼ਾਮ ਚਾਰ ਵਜੇ ਤੱਕ ਜਾਰੀ ਰਹੇਗੀ।ਅੱਠ ਨਗਰ ਨਿਗਮਾਂ, 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ 2,302 ਵਾਰਡਾਂ ਦੀਆਂ ਚੋਣਾਂ ਲਈ ਕੁੱਲ 9,222 ਉਮੀਦਵਾਰ ਮੈਦਾਨ ਵਿੱਚ ਹਨ। ਤਾਜ਼ਾ ਜਾਣਕਾਰੀ ਮੁਤਾਬਿਕ ਹੁਣ ਤੱਕ ਤਕਰੀਬਨ ਸਾਰੀ ਜਗ੍ਹਾਂ ਵੋਟਿੰਗ ਸ਼ੁਰੂ ਹੋ ਚੁੱਕੀ ਹੈ।

ਕੁੱਲ੍ਹ ਉਮੀਦਵਾਰਾਂ ਵਿੱਚੋਂ 2832 ਉਮੀਦਵਾਰ ਅਜ਼ਾਦ ਲੜ੍ਹ ਰਹੇ ਹਨ, 2037 ਕਾਂਗਰਸ ਪਾਰਟੀ ਤੋਂ , 1569 ਅਕਾਲੀ ਦਲ ਤੋਂ, ਇਸ ਦੇ ਨਾਲ ਹੀ ਬੀਜੇਪੀ, ਆਪ ਅਤੇ ਬਸਪਾ ਦੇ ਕ੍ਰਮਵਾਰ 1,003, 1,606, 160  ਉਮੀਦਵਾਰ ਚੋਣ ਲੜ੍ਹ ਰਹੇ ਹਨ।ਇਨ੍ਹਾਂ ਚੋਣਾਂ ਲਈ ਰਾਜ ਚੋਣ ਕਮਿਸ਼ਨ ਨੇ 4,102 ਪੌਲਿੰਗ ਬੂਥ ਸਥਾਪਤ ਕੀਤੇ ਹਨ। ਇਨ੍ਹਾਂ ਵਿਚੋਂ 1708 ਬੂਥਾਂ ਨੂੰ ਸੈਂਸਟਿਵ ਅਤੇ 861 ਹਾਈਪਰ ਸੈਂਸਟਿਵ ਦੇ ਤੌਰ ਤੇ ਦੱਸਿਆ ਗਿਆ ਹੈ।

ਇਸ ਪੂਰੀ ਵੋਟਿੰਗ ਪ੍ਰਕਿਰਆ ਲਈ 7000 ਈਵੀਐਮ ਮਸ਼ੀਨਾਂ ਲਾਈਆਂ ਗਈਆਂ ਹਨ।ਇਸ ਦੇ ਨਾਲ ਨਾਲ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ।ਨਿਰਪੱਖ ਚੋਣਾਂ ਕਰਵਾਉਣ ਲਈ ਘੱਟੋ-ਘੱਟ 19,000 ਪੁਲਿਸ ਕਰਮੀ ਤਾਇਨਾਤ ਕੀਤੇ ਗਏ ਹਨ।

ਰਾਜ ਵਿੱਚ ਲੋਕਲ ਬਾਡੀ ਚੋਣ ਲਈ ਕੁੱਲ੍ਹ 39,15,280 ਰਜਿਸਟਰਡ ਵੋਟਰ ਹਨ ਜਿਨ੍ਹਾਂ ਵਿਚੋਂ 20,49,777 ਪੁਰਸ਼, 18,65,354 ਔਰਤਾਂ ਅਤੇ 149 ਟਰਾਂਸਜੈਂਡਰ ਵੋਟਰ ਹਨ। ਵੋਟਿੰਗ ਮਗਰੋਂ ਨਤੀਜੇ 17 ਫਰਵਰੀ ਨੂੰ ਆਉਣਗੇ।