BREAKING: ਮਾਛੀਵਾੜਾ ਸਾਹਿਬ ਵਿਖੇ ਭਿਆਨਕ ਸੜਕ ਹਾਦਸਾ ਹੋਇਆ ਹੈ। ਇਸ ਸੜਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਤੇ ਚਾਰ ਲੋਕ ਜ਼ਖ਼ਮੀ ਹੋ ਗਏ। ਦੋ ਜ਼ਖਮੀਆਂ ਦੀ ਹਾਲਤ ਨਾਜ਼ੁਕ ਹੈ।ਹਾਸਲ ਜਾਣਕਾਰੀ ਮੁਤਾਬਕ ਮਾਛੀਵਾੜਾ ਸਾਹਿਬ ਨੇੜੇ ਦੋ ਕਾਰਾਂ ਦੀ ਸਿੱਧੀ ਟੱਕਰ ਹੋ ਗਈ। ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਜ਼ਖਮੀਆਂ ਨੂੰ ਸਮਰਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।


 


ਹਾਸਲ ਜਾਣਕਾਰੀ ਮੁਤਾਬਕ ਮਾਛੀਵਾੜਾ ਨੇੜੇ ਸਰਹਿੰਦ ਨਹਿਰ ਦੇ ਪਵਾਤ ਪੁਲ ਕੋਲ ਦੋ ਕਾਰਾਂ ਦੀ ਸਿੱਧੀ ਟੱਕਰ ਹੋ ਗਈ। ਇਸ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਔਰਤ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਜਦਕਿ ਇੱਕ ਬੱਚੇ (9 ਸਾਲ) ਸਮੇਤ 4 ਹੋਰ ਲੋਕ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਪ੍ਰੀਤਮ ਕੌਰ (65) ਪਤਨੀ ਗੁਰਮੇਲ ਸਿੰਘ ਵਾਸੀ ਢੰਡੇ ਤੇ ਮਿਲਨ ਸਹਿਗਲ ਪੁੱਤਰ ਅਸ਼ੋਕ ਕੁਮਾਰ ਵਾਸੀ ਭਾਮੀਆਂ ਰੋਡ ਗੁਰੂ ਨਾਨਕ ਨਗਰ ਲੁਧਿਆਣਾ ਵਜੋਂ ਹੋਈ। ਮਿਲਨ ਸਹਿਗਲ ਨੇ ਮੰਗਲਵਾਰ ਨੂੰ ਦੁਬਈ ਜਾਣਾ ਸੀ। ਉਹ ਆਪਣੇ ਸਹੁਰਾ ਪਰਿਵਾਰ ਨੂੰ ਮਿਲਣ ਰੋਪੜ ਜਾ ਰਿਹਾ ਸੀ ਤਾਂ ਰਸਤੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ। 


 


ਪੁਲਿਸ ਅਨੁਸਾਰ ਇੱਕ ਹੌਂਡਾ ਕਾਰ ਰੋਪੜ ਵੱਲੋਂ ਆ ਰਹੀ ਸੀ ਤੇ ਲੁਧਿਆਣਾ ਵੱਲੋਂ ਅਰਟਿਗਾ ਕਾਰ ਆ ਰਹੀ ਸੀ। ਇਨ੍ਹਾਂ ਦੀ ਸਿੱਧੀ ਟੱਕਰ ਹੋ ਗਈ। ਹਾਦਸੇ ਵਿੱਚ ਦੋਵਾਂ ਕਾਰਾਂ ਦੇ ਚਾਲਕ ਜਖ਼ਮੀ ਹੋ ਗਏ, ਜਦਕਿ ਕਾਰਾਂ ਦੀ ਅਗਲੀ ਸੀਟ ’ਤੇ ਬੈਠੇ 2 ਵਿਅਕਤੀਆਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਇੱਕ ਬੱਚਾ ਗੁਰਨੂਰ ਸਿੰਘ ਢੰਡੇ (10), ਹਰਗੁਨਪਨੀਤ ਸਿੰਘ ਵਾਸੀ ਬੌਂਦਲੀ, ਬਲਜੀਤ ਕੌਰ ਤੇ ਮਨੀਸ਼ (36) ਵਾਸੀ 33 ਫੁੱਟਾ ਰੋਡ ਲੁਧਿਆਣਾ ਜਖ਼ਮੀ ਹੋ ਗਏ। ਇਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਸਮਰਾਲਾ ਦਾਖਲ ਕਰਾਇਆ ਗਿਆ।


ਇਲਾਜ ਲਈ ਹਸਪਤਾਲ ਆਏ ਆਰਟਿਗਾ ਕਾਰ ਸਵਾਰ ਵਿਅਕਤੀ ਨੇ ਦੱਸਿਆ ਜਦੋਂ ਪਵਾਤ ਪੁਲ ਕੋਲ ਸੜਕ ਚੌੜੀ ਹੁੰਦੀ ਹੈ ਤਾਂ ਉੱਥੇ ਹਾਦਸਾ ਹੋਇਆ। ਉਹ ਲੁਧਿਆਣਾ ਤੋਂ ਆ ਰਹੇ ਸੀ। ਡਾਕਟਰ ਅੰਮ੍ਰਿਤ ਨੇ ਦੱਸਿਆ ਕਿ ਹਸਪਤਾਲ ਚ ਦੋ ਲਾਸ਼ਾਂ ਆਈਆਂ ਜੋ ਪੋਸਟਮਾਰਟਮ ਲਈ ਮੋਰਚਰੀ ਚ ਰਖਵਾ ਦਿੱਤੀਆਂ ਗਈਆਂ। ਚਾਰ ਜਖ਼ਮੀ ਹਾਲਤ ਵਿੱਚ ਆਏ ਸੀ ਜਿਨਾਂ ਵਿੱਚੋਂ 2 ਨੂੰ ਸਰਕਾਰੀ ਹਸਪਤਾਲ ਸੈਕਟਰ-32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। 1 ਮਰੀਜ ਆਪਣੀ ਮਰਜੀ ਨਾਲ ਲੁਧਿਆਣਾ ਹਸਪਤਾਲ ਵਿਖੇ ਗਿਆ। 1 ਮਰੀਜ ਦਾ ਇਲਾਜ ਸਮਰਾਲਾ ਵਿਖੇ ਹੋ ਰਿਹਾ ਹੈ। ਬਲਜੀਤ ਕੌਰ ਤੇ ਗੁਰਨੂਰ ਦੇ ਫ੍ਰੈਕਚਰ ਸਨ ਜਿਸ ਕਰਕੇ ਉਹਨਾਂ ਨੂੰ ਰੈਫਰ ਕੀਤਾ ਗਿਆ। 


 


 



ਮ੍ਰਿਤਕ ਮਿਲਨ ਸਹਿਗਲ ਦੇ ਸਹੁਰਾ ਸੋਮ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਦਾ ਜਵਾਈ ਮਿਲਨ ਸਹਿਗਲ ਲੁਧਿਆਣਾ ਤੋਂ ਉਨ੍ਹਾਂ ਨੂੰ ਮਿਲਣ ਰੋਪੜ ਆ ਰਿਹਾ ਸੀ ਤਾਂ ਰਸਤੇ ਵਿੱਚ ਹਾਦਸਾ ਹੋ ਗਿਆ। ਉਨ੍ਹਾਂ ਦੀ ਬੇਟੀ ਨੇ ਵਿਦੇਸ਼ ਤੋਂ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਜਵਾਈ ਦਾ ਐਕਸੀਡੈਂਟ ਹੋ ਗਿਆ ਹੈ। ਜਦੋਂ ਉਹ ਸਮਰਾਲਾ ਸਰਕਾਰੀ ਹਸਪਤਾਲ ਪੁੱਜੇ ਤਾਂ ਮ੍ਰਿਤਕਾਂ ਵਿੱਚ ਉਨ੍ਹਾਂ ਦੇ ਜਵਾਈ ਦੀ ਲਾਸ਼ ਸੀ।