Punjab News: ਅੰਮ੍ਰਿਤਸਰ 'ਚ ਸੁਖਬੀਰ ਬਾਦਲ 'ਤੇ ਹਮਲੇ ਦੀ ਅਸਫਲ ਕੋਸ਼ਿਸ਼ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਦਰ ਵੱਡੀ ਹਿੱਲ਼ਜੁਲ ਚੱਲ ਰਹੀ ਹੈ। ਅਕਾਲੀ ਦਲ ਨੇ ਅੱਜ ਚੰਡੀਗੜ੍ਹ 'ਚ ਕੋਰ ਕਮੇਟੀ ਦੀ ਮੀਟਿੰਗ ਬੁਲਾ ਲਈ ਹੈ। ਇਹ ਮੀਟਿੰਗ ਅੱਜ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਸ਼ੁਰੂ ਹੋਵੇਗੀ। ਇਸ ਮੀਟਿੰਗ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਅਹਿਮ ਮੀਟਿੰਗ ਕੀਤੀ ਹੈ। ਕਰੀਬ ਇੱਕ ਘੰਟੇ ਤੱਕ ਚੱਲੀ ਮੀਟਿੰਗ ਵਿੱਚ ਗਿਆਨੀ ਰਘਬੀਰ ਸਿੰਘ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਹਿਮ ਮੱਦਿਆਂ ਉਪਰ ਚਰਚਾ ਕੀਤੀ।


ਦੱਸ ਦਈਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਬਾਦਲ ਤੇ ਹੋਰ ਅਕਾਲੀ ਲੀਡਰਾਂ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਿਚਾਲੇ ਇਹ ਪਹਿਲੀ ਮੁਲਾਕਾਤ ਹੈ। ਏਜੀਪੀਸੀ ਦੇ ਮੁਖੀ ਧਾਮੀ ਨੇ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ ਪਰ ਕਿਆਸ ਲਾਇਆ ਜਾ ਰਿਹਾ ਹੈ ਕਿ ਅੱਜ ਚੰਡੀਗੜ੍ਹ ਵਿੱਚ ਹੋਣ ਜਾ ਰਹੀ ਮੀਟਿੰਗ ਸਬੰਧੀ ਗੱਲਬਾਤ ਹੋਈ ਹੈ।


ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਕਾਲੀ ਦਲ ਦੀ ਕਾਰਜਪ੍ਰਣਾਲੀ ’ਤੇ ਸਵਾਲ ਉਠਾਏ ਜਾਣ ਤੋਂ ਬਾਅਦ ਪੰਥਕ ਪਾਰਟੀ ਦੀ ਇਹ ਪਹਿਲੀ ਮੀਟਿੰਗ ਹੈ। ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅਕਾਲੀ ਦਲ ਦੀ ਸਰਕਾਰ ਵੇਲੇ ਵਾਪਰੀਆਂ ਘਟਨਾਵਾਂ 'ਤੇ ਚਿੰਤਾ ਪ੍ਰਗਟ ਕਰਦਿਆਂ ਅਕਾਲੀ ਦਲ ਨੂੰ ਤਾੜਨਾ ਕੀਤੀ ਸੀ। ਇੰਨਾ ਹੀ ਨਹੀਂ ਅਗਲੇ 6 ਮਹੀਨਿਆਂ ਵਿੱਚ ਨਵਾਂ ਅਕਾਲੀ ਦਲ ਬਣਾਉਣ ਤੇ ਇਸ ਦੌਰਾਨ ਨਿਯਮਾਂ ਅਨੁਸਾਰ ਨਵੇਂ ਚਿਹਰਿਆਂ ਦੀ ਚੋਣ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ।



ਦਰਅਸਲ ਸੁਖਬੀਰ ਬਾਦਲ ਨੇ ਲਗਾਤਾਰ 10 ਦਿਨ 5 ਗੁਰਦੁਆਰਿਆਂ ਵਿੱਚ ਸੇਵਾ ਕਰਨੀ ਹੈ ਤੇ ਅਜੇ ਸੇਵਾ ਦਾ ਚੌਥਾ ਦਿਨ ਹੈ। ਪਿਛਲੇ ਦਿਨੀਂ ਅੰਮ੍ਰਿਤਸਰ 'ਚ ਸੇਵਾ ਕਰਦੇ ਹੋਏ ਖਾਲਿਸਤਾਨ ਸਮਰਥਕ ਨਰਾਇਣ ਸਿੰਘ ਚੌੜਾ ਨੇ ਹਰਿਮੰਦਰ ਸਾਹਿਬ ਦੇ ਬਾਹਰ ਉਨ੍ਹਾਂ 'ਤੇ ਗੋਲੀ ਚਲਾ ਦਿੱਤੀ ਸੀ। ਇਸ ਮਗਰੋਂ ਪੰਜਾਬ ਅੰਦਰ ਸਿਆਸੀ ਉਬਾਲ ਆਇਆ ਹੋਇਆ ਹੈ। ਅਕਾਲੀ ਲੀਡਰ ਮੁੜ ਐਕਟਿਵ ਨਜ਼ਰ ਆ ਰਹੇ ਹਨ।


ਦੱਸ ਦਈਏ ਕਿ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਹੁਕਮ ਦਿੱਤਾ ਸੀ ਕਿ ਸੁਖਬੀਰ ਬਾਦਲ ਸਣੇ ਅਕਾਲੀ ਲੀਡਰਾਂ ਵੱਲੋਂ ਦਿੱਤੇ ਅਸਤੀਫੇ ਪ੍ਰਵਾਨ ਕਰਕੇ ਇਸ ਦੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੀ ਜਾਏ। ਇਸ ਲਈ ਉਮੀਦ ਹੈ ਕਿ ਮੀਟਿੰਗ ਵਿੱਚ ਇਸ ਬਾਰੇ ਵੀ ਕੋਈ ਫੈਸਲਾ ਲਿਆ ਜਾਏਗਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਹ ਵੀ ਹੁਕਮ ਦਿੱਤਾ ਸੀ ਕਿ ਦਾਗੀ ਤੇ ਬਾਗੀ ਦੋਵੇਂ ਧਿਰਾਂ ਮਿਲ ਕੇ ਅਕਾਲੀ ਦਲ ਲਈ ਕੰਮ ਕਰਨ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮੀਟਿੰਗ ਵਿੱਚ ਬਾਗੀ ਧੜੇ ਦੇ ਕਿਹੜੇ-ਕਿਹੜੇ ਆਗੂ ਸ਼ਾਮਲ ਹੋਣਗੇ।