Punjab News: ਕਿਸਾਨਾਂ ਨੂੰ ਮੁੜ ਵੱਡਾ ਝਟਕਾ ਲੱਗਾ ਹੈ। ਇਸ ਵਾਰ ਸ਼ਿਮਲਾ ਮਿਰਚ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਮਾਰ ਪਈ ਹੈ। ਸ਼ਿਮਲਾ ਮਿਰਚ ਉਪਰ ਅਮਰੀਕੀ ਸੁੰਡੀ ਦਾ ਹਮਲਾ ਹੋਇਆ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਦੇ ਸਬਜ਼ੀ ਉਤਪਾਦਕ ਕਿਸਾਨ ਸੁੰਡੀ ਦੇ ਹਮਲੇ ਕਾਰਨ ਕਾਫੀ ਪ੍ਰੇਸ਼ਾਨ ਹਨ। ਉਹ ਲੱਖਾਂ ਰੁਪਏ ਦੀ ਸ਼ਿਮਲਾ ਮਿਰਚ ਸੜਕ 'ਤੇ ਸੁੱਟਣ ਤੇ ਟਰੈਕਟਰ ਚਲਾਉਣ ਲਈ ਮਜਬੂਰ ਹਨ। 


ਪਿੰਡ ਭੈਣੀ ਬਾਘਾ ਵਿੱਚ ਇਸ ਵਾਰ ਕਿਸਾਨਾਂ ਨੇ ਕਰੀਬ 250 ਏਕੜ ਵਿੱਚ ਸ਼ਿਮਲਾ ਮਿਰਚ ਦੀ ਕਾਸ਼ਤ ਕੀਤੀ ਹੈ ਜੋ ਪਿਛਲੇ ਸਾਲ 400 ਏਕੜ ਸੀ। ਮਾਰਚ ਵਿੱਚ ਸ਼ੁਰੂ ਹੋਣ ਵਾਲੇ ਸੀਜ਼ਨ ਦੌਰਾਨ ਹਿਮਾਚਲ, ਬਿਹਾਰ ਤੇ ਕੋਲਕਾਤਾ ਤੋਂ ਵਪਾਰੀ ਸ਼ਿਮਲਾ ਮਿਰਚ ਖਰੀਦਣ ਲਈ ਪਿੰਡ ਭੈਣੀ ਬਾਘਾ ਪਹੁੰਚਦੇ ਹਨ। ਸੀਜ਼ਨ ਦੌਰਾਨ 30 ਤੋਂ 40 ਰੁਪਏ ਥੋਕ ਵਿੱਚ ਵਿਕਣ ਵਾਲੀ ਸ਼ਿਮਲਾ ਮਿਰਚ ਇਸ ਵੇਲੇ 5 ਤੋਂ 6 ਰੁਪਏ ਵਿੱਚ ਵਿਕ ਰਹੀ ਹੈ। ਇੱਕ ਏਕੜ ਜ਼ਮੀਨ ਵਿੱਚ ਹਰ ਸੀਜ਼ਨ ਵਿੱਚ 200 ਕੁਇੰਟਲ ਮਿਰਚਾਂ ਦੀ ਪੈਦਾਵਾਰ ਹੁੰਦੀ ਹੈ। 


ਪਿੰਡ ਦੇ ਕਿਸਾਨ ਜਸਪਾਲ ਸਿੰਘ ਨੇ ਦੱਸਿਆ ਕਿ 10 ਏਕੜ ਜ਼ਮੀਨ ਵਿੱਚ ਸ਼ਿਮਲਾ ਮਿਰਚ ਦੀ ਕਾਸ਼ਤ ਕੀਤੀ ਗਈ ਸੀ ਪਰ ਅਮਰੀਕੀ ਸੁੰਡੀ ਦੇ ਹਮਲੇ ਨੇ ਸਭ ਕੁਝ ਤਬਾਹ ਕਰ ਦਿੱਤਾ ਹੈ। ਕਿਸਾਨ ਨੇ ਦੱਸਿਆ ਕਿ ਪਿਛਲੇ ਇੱਕ ਮਹੀਨੇ ਤੋਂ ਅਮਰੀਕਨ ਸੁੰਡੀ ਨੇ ਮਿਰਚਾਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਉਹ ਕਈ ਵਾਰ ਕੀਟਨਾਸ਼ਕਾਂ ਦਾ ਛਿੜਕਾਅ ਕਰ ਚੁੱਕੇ ਹਨ ਪਰ ਮਿਰਚਾਂ 'ਤੇ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ। 


ਕਿਸਾਨਾਂ ਨੇ ਦੱਸਿਆ ਕਿ ਅਮਰੀਕਨ ਸੁੰਡੀ ਦੇ ਹਮਲੇ ਕਾਰਨ ਮਿਰਚਾਂ ਅੰਦਰੋਂ ਖੋਖਲੀਆਂ ​​ਹੋ ਜਾਂਦੀਆਂ ਹਨ ਤੇ ਹੇਠਾਂ ਡਿੱਗ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਇਸ ਸਮੱਸਿਆ ਨੂੰ ਹੱਲ ਕਰਨ ਦੀ ਬਜਾਏ ਬਾਗਬਾਨੀ ਵਿਭਾਗ ਨੇ ਦੂਰੀ ਬਣਾ ਰੱਖੀ ਹੈ। ਕਿਸਾਨਾਂ ਨੇ ਦੱਸਿਆ ਕਿ ਸ਼ਿਮਲਾ ਮਿਰਚਾਂ ਦੀ ਪਨੀਰੀ ਤਿਆਰ ਕਰਨ ਲਈ ਪ੍ਰਤੀ ਏਕੜ 45 ਹਜ਼ਾਰ ਰੁਪਏ ਦੇ ਬੀਜ ਖਰਚੇ ਤੋਂ ਇਲਾਵਾ ਕੀਟਨਾਸ਼ਕਾਂ ਸਮੇਤ ਹੋਰ ਖਰਚੇ ਵੱਖਰੇ ਹਨ। 



ਉਨ੍ਹਾਂ ਕਿਹਾ ਕਿ ਸ਼ਿਮਲਾ ਮਿਰਚ ਨੂੰ ਫਸਲੀ ਚੱਕਰ ਤੋਂ ਬਾਹਰ ਉਗਾਇਆ ਜਾਂਦਾ ਸੀ ਤਾਂ ਜੋ ਮੁਨਾਫਾ ਕਮਾਇਆ ਜਾ ਸਕੇ ਪਰ ਅਮਰੀਕਨ ਸੁੰਡੀ ਦੇ ਹਮਲੇ ਕਾਰਨ ਖੇਤੀ 'ਤੇ ਖਰਚ ਹੋਣ ਵਾਲਾ ਪੈਸਾ ਵੀ ਮੁੜਡਾ ਨਜ਼ਰ ਨਹੀਂ ਆ ਰਿਹਾ। ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੁਕਸਾਨ ਦਾ ਮੁਆਵਜ਼ਾ ਦੇਵੇ। ਕਿਸਾਨਾਂ ਨੂੰ ਸਬਸਿਡੀ 'ਤੇ ਬੀਜ ਤੇ ਕੀਟਨਾਸ਼ਕ ਮੁਹੱਈਆ ਕਰਵਾਉਣ ਤੋਂ ਇਲਾਵਾ ਖੇਤੀਬਾੜੀ ਵਿਭਾਗ ਬੀਜਾਂ ਤੇ ਕੀਟਨਾਸ਼ਕਾਂ ਦੇ ਸੈਂਪਲ ਲਏ। 


ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਉਹ ਖੇਤੀਬਾੜੀ ਵਿਭਾਗ ਨਾਲ ਤਾਲਮੇਲ ਕਰਕੇ ਅਮਰੀਕਨ ਸੁੰਡੀ ਦੀ ਰੋਕਥਾਮ ਲਈ ਕਿਸਾਨਾਂ ਨੂੰ ਕੀਟਨਾਸ਼ਕ ਦਵਾਈਆਂ ਦੀ ਸਿਫ਼ਾਰਸ਼ ਕਰ ਰਹੇ ਹਨ। ਖੇਤੀਬਾੜੀ ਵਿਭਾਗ ਦੇ ਅਧਿਕਾਰੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਮਿਰਚਾਂ ’ਤੇ ਵਰਤੇ ਜਾਣ ਵਾਲੇ ਕੀਟਨਾਸ਼ਕਾਂ ਦੀ ਜਾਂਚ ਕੀਤੀ ਗਈ। ਗੁਣਵੱਤਾ ਦੀ ਜਾਂਚ ਲਈ ਦਵਾਈ ਦੇ ਸੈਂਪਲ ਲਏ ਜਾਣਗੇ।