ਰਜਨੀਸ਼ ਕੌਰ ਦੀ ਰਿਪੋਰਟ
Chandigarh News: ਚੰਡੀਗੜ੍ਹ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਕਾਂਸਲ-ਨਿਆਗਾਓਂ ਟੀ-ਪੁਆਇੰਟ ਨੇੜੇ ਮਿਲੇ ਬੰਬ ਦੀ ਜਾਂਚ ਲਈ ਅੱਜ ਚੰਡੀਮੰਦਰ ਤੋਂ ਫੌਜ ਦੀ ਟੀਮ ਪਹੁੰਚੇਗੀ। ਇਸ ਦੌਰਾਨ ਬੰਬ ਡਿਸਪੋਜਲ ਟੀਮ ਇਸ ਨੂੰ ਡਿਫਿਊਜ਼ ਕਰੇਗੀ। ਚੰਡੀਗੜ੍ਹ ਪੁਲਿਸ ਨੇ ਸੋਮਵਾਰ ਸ਼ਾਮ ਨੂੰ ਇਸ ਦੀ ਜਾਣਕਾਰੀ ਫੌਜ ਨੂੰ ਦਿੱਤੀ ਸੀ।



ਹਨ੍ਹੇਰਾ ਹੋਣ ਕਾਰਨ ਰਾਤ ਨਹੀਂ ਪਹੁੰਚੀ ਸਕੀ ਫੌਜ ਦੀ ਟੀਮ


 
ਹਨੇਰਾ ਹੋਣ ਕਾਰਨ ਫੌਜ ਦੀ ਟੀਮ ਰਾਤ ਨੂੰ ਨਹੀਂ ਪਹੁੰਚੀ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਰਿਹਾਇਸ਼ ਵੀ ਉਸੇ ਥਾਂ ਦੇ ਨੇੜੇ ਹੈ, ਜਿੱਥੇ ਬੰਬ ਮਿਲਿਆ ਸੀ। ਇਹ ਬੰਬ ਰਾਜਿੰਦਰਾ ਪਾਰਕ ਦੇ ਸਾਹਮਣੇ ਅੰਬਾਂ ਦੇ ਬਾਗ ਵਿੱਚ ਪਿਆ ਮਿਲਿਆ ਸੀ। ਇਹ ਦੇਖ ਕੇ ਟਿਊਬਵੈੱਲ ਅਪਰੇਟਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਸੀ


ਜਾਣਕਾਰੀ ਮਿਲਦੇ ਹੀ ਪਹੁੰਚੀ ਚੰਡੀਗੜ੍ਹ ਪੁਲਿਸ 



ਜਿਸ ਥਾਂ ਤੋਂ ਇਹ ਬੰਬ ਮਿਲਿਆ ਹੈ, ਉਸ ਥਾਂ ਤੋਂ ਕੁਝ ਦੂਰੀ 'ਤੇ ਹੈਲੀਪੈਡ ਹੈ, ਜਿੱਥੇ ਸੀਐਮ ਭਗਵੰਤ ਮਾਨ ਦਾ ਹੈਲੀਕਾਪਟਰ ਉਤਰਦਾ ਹੈ। ਬੰਬ ਹੋਣ ਦੀ ਸੂਚਨਾ ਮਿਲਦਿਆਂ ਹੀ ਚੰਡੀਗੜ੍ਹ ਪੁਲਿਸ ਦੀ ਟੀਮ ਬੰਬ ਅਤੇ ਡੌਗ ਸਕੁਐਡ ਨਾਲ ਮੌਕੇ ’ਤੇ ਪਹੁੰਚ ਗਈ। ਇਸ ਦੇ ਨਾਲ ਹੀ ਯੂਟੀ ਪ੍ਰਸ਼ਾਸਨ ਦੀ ਡਿਜ਼ਾਸਟਰ ਮੈਨੇਜਮੈਂਟ ਟੀਮ ਤੇ ਫਾਇਰ ਬ੍ਰਿਗੇਡ ਵੀ ਆ ਗਈ।



ਬੰਬ ਮਿਲਣ ਤੇ ਪੁਲਿਸ ਨੇ ਕੀਤਾ ਇਹ ਕੰਮ 


ਮਾਹਿਰਾਂ ਦੇ ਮੁਤਾਬਕ ਜੇ ਇਹ ਜ਼ਿੰਦਾ ਬੰਬ ਹੈ ਤਾਂ ਸਟਰਾਈਕ ਦੀ ਸਥਿਤੀ 'ਚ ਇਹ ਫਟ ਸਕਦਾ ਹੈ। ਪਹਿਲਾਂ ਵੀ ਅਜਿਹੀਆਂ ਉਦਾਹਰਣਾਂ ਸਾਹਮਣੇ ਆਈਆਂ ਹਨ, ਜਦੋਂ ਕਬਾੜ ਵਿੱਚ ਖਰੀਦੇ ਅਜਿਹੇ ਬੰਬ ਨੂੰ ਤੋੜਨ ਲਈ ਹਥੌੜੇ ਜਾਂ ਹੋਰ ਭਾਰੀ ਵਸਤੂ ਨਾਲ ਵਾਰ ਕੀਤਾ ਗਿਆ ਤਾਂ ਉਹ ਫਟ ਗਿਆ। ਇਸ ਕਾਰਨ ਪੁਲਿਸ ਟੀਮਾਂ ਪੂਰੀ ਚੌਕਸੀ ਵਰਤ ਰਹੀਆਂ ਹਨ। ਕਿਉਂਕਿ ਬੰਬ ਜ਼ਿੰਦਾ ਸੀ, ਪੁਲਿਸ ਨੇ ਤੁਰੰਤ ਇਸ ਨੂੰ ਇੱਕ ਫਾਈਬਰ ਡਰੱਮ ਵਿੱਚ ਪਾ ਦਿੱਤਾ ਤੇ ਇਸ ਦੇ ਆਲੇ ਦੁਆਲੇ ਰੇਤ ਦੀਆਂ ਬੋਰੀਆਂ ਰੱਖ ਦਿੱਤੀਆਂ ਤਾਂ ਜੋ ਬੰਬ ਫਟਣ ਦੀ ਸੂਰਤ ਵਿੱਚ ਆਲੇ ਦੁਆਲੇ ਦੇ ਖੇਤਰ ਨੂੰ ਜ਼ਿਆਦਾ ਨੁਕਸਾਨ ਨਾ ਹੋਵੇ।