Punjab News: ਪੰਜਾਬ 'ਚ ਇਸ ਸਮੇਂ ਕਣਕ ਦੀ ਵਾਢੀ ਦਾ ਸੀਜ਼ਨ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ ਹੈ। ਬਹੁਤੇ ਕਿਸਾਨਾਂ ਦੀ ਕਣਕ ਵਾਢੀ ਤੋਂ ਬਾਅਦ ਮੰਡੀ ਵੀ ਪਹੁੰਚ ਗਈ ਹੈ। ਕੁਝ ਕਿਸਾਨਾਂ ਦੀ ਫ਼ਸਲ ਅਜੇ ਖੇਤਾਂ 'ਚ ਹੀ ਖੜ੍ਹੀ ਹੈ। ਜਿਨ੍ਹਾਂ ਕਿਸਾਨਾਂ ਨੇ ਵਾਢੀ ਕਰ ਲਈ ਹੈ ਅਤੇ ਕਣਕ ਦੇ ਨਾੜ ਨੂੰ ਵੀ ਸਾੜਨ ਲੱਗੇ ਹਨ। ਜਿਸ ਕਰਕੇ ਵਾਤਾਵਰਣ ਦੀ ਆਬੋ ਹਵਾ ਖਰਾਬ ਹੋ ਰਹੀ ਹੈ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸੈਟੇਲਾਈਟ ਦੇ ਮਾਧਿਅਮ ਰਾਹੀਂ ਨਜ਼ਰ ਰੱਖ ਰਿਹਾ ਹੈ
ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸੈਟੇਲਾਈਟ ਦੇ ਮਾਧਿਅਮ ਰਾਹੀਂ ਸੀਜ਼ਨ 'ਚ ਹੁਣ ਤੱਕ ਨਾੜ ਸਾੜਨ ਦੀਆਂ 45 ਘਟਨਾਵਾਂ ਦਾ ਪਤਾ ਲੱਗਾ ਹੈ। ਇਨ੍ਹਾਂ 'ਚੋਂ ਸਭ ਤੋਂ ਜ਼ਿਆਦਾ ਮਾਮਲੇ ਗੁਰਦਾਸਪੁਰ ਤੋਂ ਸਾਹਮਣੇ ਆ ਰਹੇ ਹਨ। ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਨਾੜ ਸਾੜਨ ਵਾਲੇ ਕਿਸਾਨਾਂ 'ਤੇ ਜੁਰਮਾਨਾ ਲਾਇਆ ਜਾਵੇਗਾ। ਝੋਨੇ ਦੇ ਸੀਜ਼ਨ 'ਚ ਵੀ ਪਰਾਲੀ ਸਾੜਨ ਵਾਲਿਆਂ 'ਤੇ ਰੈੱਡ ਐਂਟਰੀ ਦਾ ਐਕਸ਼ਨ ਹੋਇਆ ਸੀ। ਦੱਸਣਯੋਗ ਹੈ ਕਿ ਪੰਜਾਬ 'ਚ 2016 ਤੋਂ ਲੈ ਕੇ 2022 ਤੱਕ 7 ਸਾਲਾਂ ਦੌਰਾਨ ਕਣਕ ਦੇ ਨਾੜ ਨੂੰ ਸਾੜਨ ਦੀਆਂ 85807 ਘਟਨਾਵਾਂ ਰਿਕਾਰਡ ਹੋ ਚੁੱਕੀਆਂ ਹਨ। ਉੱਧਰ ਇਸ ਵਾਰ ਵੀ ਖੇਤੀ ਵਿਭਾਗ ਵੱਲੋਂ ਲਗਾਤਾਰ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਅਪੀਲ
ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਿੰਦਰ ਸਿੰਘ ਨੇ ਕਿਹਾ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਕਾਰਨ 80 ਫ਼ੀਸਦੀ ਜੈਵਿਕ ਮਾਦਾ ਕਾਰਬਨ ਡਾਈਆਕਸਾਈਡ ਅਤੇ ਕਾਰਬਨ ਮਾਨੋਅਕਸਾਈਡ ਗੈਸ ਦੇ ਤੌਰ 'ਤੇ ਨਸ਼ਟ ਹੋ ਜਾਂਦਾ ਹੈ।