Punjab News: ਮੁੱਖ ਮੰਤਰੀ ਭਗਵੰਤ ਮਾਨ ਹੁਣ ਕਿਸਾਨਾਂ ਨੂੰ ਸੰਤੁਸ਼ਟ ਕਰਨ ਦੀ ਕਮਾਨ ਖੁਦ ਸੰਭਲਾਣਗੇ। ਇਸ ਲਈ ਸਰਕਾਰ ਨੇ ਖਾਸ ਰਣਨੀਤੀ ਉਲੀਕੀ ਹੈ। ਇਸ ਤਹਿਤ ਮੁੱਖ ਮੰਤਰੀ ਜਲਦ ਹੀ ‘ਕਿਸਾਨ ਮਿਲਣੀ’ ਪ੍ਰੋਗਰਾਮ ਸ਼ੁਰੂ ਕਰਨਗੇ। ਅਹਿਮ ਗੱਲ ਹੈ ਇਸ ਵਾਰ ਕਿਸਾਨ ਜਥੇਬੰਦੀਆਂ ਦੀ ਥਾਂ ਮੁੱਖ ਮੰਤਰੀ ਸਿੱਧਾ ਆਮ ਕਿਸਾਨਾਂ ਨਾਲ ਰਾਬਤਾ ਕਰਨਗੇ। ਸਰਕਾਰੀ ਸੂਤਰਾਂ ਮੁਤਾਬਕ ਆਮ ਕਿਸਾਨਾਂ ਨਾਲ ਸਿੱਧਾ ਸੰਵਾਦ ਰਚਾਇਆ ਜਾਏਗਾ। ਇਸ ਲਈ ਕਿਸਾਨਾਂ ਦੀਆਂ ਫ਼ਸਲੀ ਮੁਸ਼ਕਲਾਂ ਨੂੰ ਜਾਣਨ ਤੇ ਉਨ੍ਹਾਂ ਦੇ ਨਿਪਟਾਰੇ ਲਈ ਇਹ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ। 


ਹਾਸਲ ਜਾਣਕਾਰੀ ਮੁਤਾਬਕ ਮੁੱਖ ਮੰਤਰੀ 12 ਫਰਵਰੀ ਨੂੰ ਲੁਧਿਆਣਾ ਤੋਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ। ਪੰਜਾਬ ਖੇਤੀ ’ਵਰਸਿਟੀ ਦੇ ਕੈਂਪਸ ਵਿੱਚ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਜਿੱਥੇ ਮੁੱਖ ਮੰਤਰੀ ਕਿਸਾਨਾਂ ਨਾਲ ਸਿੱਧਾ ਰਾਬਤਾ ਕਾਇਮ ਕਰਨਗੇ। ਹਰ ਜ਼ਿਲ੍ਹੇ ’ਚੋਂ ਕਰੀਬ 200 ਕਿਸਾਨਾਂ ਨੂੰ ਸੱਦਾ ਦਿੱਤਾ ਜਾਵੇਗਾ ਤੇ ਕਿਸਾਨਾਂ ਨੂੰ ਪੰਡਾਲ ਵਿੱਚ ਅਲੱਗ ਅਲੱਗ ਹਿੱਸਿਆਂ ਵਿਚ ਵੰਡ ਕੇ ਬਿਠਾਇਆ ਜਾਣਾ ਹੈ ਤੇ ਉਨ੍ਹਾਂ ਦੇ ਨਾਲ ਪੰਡਾਲ ਵਿਚ ਖੇਤੀ ਮਾਹਿਰ ਵੀ ਬੈਠਣਗੇ। 


ਇਸ ਦੌਰਾਨ ਵੱਖੋ ਵੱਖਰੀਆਂ ਜਿਣਸਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਵੱਖੋ ਵੱਖਰੇ ਤੌਰ ’ਤੇ ਗਰੁੱਪਾਂ ਵਿੱਚ ਬਿਠਾਇਆ ਜਾਵੇਗਾ। ਸਬਜ਼ੀਆਂ ਤੇ ਫਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਸਮੇਤ ਕਰੀਬ 15 ਤੋਂ 20 ਗਰੁੱਪ ਬਣਾਏ ਜਾਣਗੇ। ਮਿਸਾਲ ਵਜੋਂ ਨਰਮੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਦਾ ਵੱਖਰਾ ਗਰੁੱਪ ਬਣਾਇਆ ਜਾਵੇਗਾ, ਜਿੱਥੇ ਉਨ੍ਹਾਂ ਦੇ ਨਾਲ ਖੇਤੀ ਮਾਹਿਰ ਤੇ ਖੇਤੀ ਅਫ਼ਸਰ ਬੈਠਣਗੇ। ਮੁੱਖ ਮੰਤਰੀ ਨੇ ਪਿਛਲੇ ਦਿਨਾਂ ਵਿਚ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਸੀ ਜਿਸ ਵਿੱਚ ਉਨ੍ਹਾਂ ਨੇ ਕਿਸਾਨ ਮਿਲਣੀ ਪ੍ਰੋਗਰਾਮ ਦੀ ਸ਼ੁਰੂਆਤ ਦਾ ਨੁਕਤਾ ਸਾਂਝਾ ਕੀਤਾ ਸੀ। ਕਿਸਾਨਾਂ ਦੀ ਹਰ ਤਰ੍ਹਾਂ ਦੀ ਮੁਸ਼ਕਲ ਦਾ ਫ਼ੌਰੀ ਹੱਲ ਕਰਨ ਵਾਸਤੇ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ। ਵੱਖ ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਵੀ ਇਸ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨਗੇ।


ਖੇਤੀ ਮਹਿਕਮੇ ਵੱਲੋਂ ਇਸ ਦੀ ਤਿਆਰੀ ਲਈ 20 ਜਨਵਰੀ ਨੂੰ ਮੀਟਿੰਗ ਵੀ ਰੱਖੀ ਗਈ ਹੈ ਤੇ ਇਸ ਪ੍ਰੋਗਰਾਮ ਵਾਸਤੇ ਇੱਕ ਕਮੇਟੀ ਵੀ ਬਣਾਈ ਗਈ ਹੈ ਜਿਸ ਦਾ ਬਕਾਇਦਾ ਐਲਾਨ ਵੀ ਕੀਤਾ ਜਾਵੇਗਾ। ਪਹਿਲੀ ਕਿਸਾਨ ਮਿਲਣੀ ਪ੍ਰੋਗਰਾਮ ਵਿਚ ਕਿਸਾਨਾਂ ਨਾਲ ਤੁਅੱਲਕ ਰੱਖਦੇ ਸਾਰੇ ਵਿਭਾਗਾਂ ਦੇ ਉੱਚ ਅਫ਼ਸਰ ਸ਼ਾਮਲ ਹੋਣਗੇ। ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਹਰ ਹਾੜ੍ਹੀ ਸਾਉਣੀ ਦੀ ਫ਼ਸਲ ਦੀ ਬਿਜਾਂਦ ਤੋਂ ਪਹਿਲਾਂ ‘ਕਿਸਾਨ ਮਿਲਣੀ’ ਪ੍ਰੋਗਰਾਮ ਕਰਿਆ ਕਰੇਗੀ ਤਾਂ ਜੋ ਕਿਸਾਨਾਂ ਤੋਂ ਅਗਾਊਂ ਫ਼ਸਲ ਲਈ ਬਿਜਲੀ ਪਾਣੀ ਦੀ ਲੋੜ ਤੇ ਬੀਜਾਂ ਆਦਿ ਦੀ ਮੰਗ ਬਾਰੇ ਫੀਡਬੈਕ ਲਈ ਜਾ ਸਕੇ।