Punjab News: ਮੁੱਖ ਮੰਤਰੀ ਭਗਵੰਤ ਮਾਨ 'ਤੇ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਨਿਸ਼ਾਨਾ ਸਾਧਿਆ ਹੈ। ਇਸ ਵਾਰ ਮਜੀਠੀਆ ਨੇ ਸੀਐਮ ਮਾਨ ਵੱਲੋਂ ਆਪਣੇ ਹੀ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਦੀ ਸਭ ਦੇ ਸਾਹਮਣੇ ਕਲਾਸ ਲਾਏ ਜਾਣ ਕਰਕੇ ਘੇਰਿਆ ਹੈ। ਸੀਐਮ ਮਾਨ ਨੇ ਹੁਸ਼ਿਆਰਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਦੌਰਾਨ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਦੀ ਮੀਡੀਆ ਦੇ ਸਾਹਮਣੇ ਹੀ ਕਲਾਸ ਲਾ ਦਿੱਤੀ ਸੀ। 







ਹੁਣ ਮੁੱਖ ਮੰਤਰੀ ਦੇ ਇਸ ਰਵੱਈਏ 'ਤੇ ਵਿਰੋਧੀ ਪਾਰਟੀਆਂ ਨੇ ਉਨ੍ਹਾਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਬਿਕਰਮ ਮਜੀਠੀਆ ਨੇ ਕੈਬਨਿਟ ਮੰਤਰੀ ਜ਼ਿੰਪਾ ਨਾਲ ਹਮਦਰਦੀ ਜਤਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਰਵੱਈਏ ਨੂੰ ਹੰਕਾਰ ਕਰਾਰ ਦਿੱਤਾ ਹੈ। ਮਜੀਠੀਆ ਨੇ ਕਿਹਾ-ਮੈਂ ਮੁੱਖ ਮੰਤਰੀ ਭਗਵੰਤ ਮਾਨ ਦੇ ਹੰਕਾਰ ਦੀ ਨਿੰਦਾ ਕਰਦਾ ਹਾਂ ਤੇ ਕੈਬਨਿਟ ਮੰਤਰੀ ਜ਼ਿੰਪਾ ਨਾਲ ਹਮਦਰਦੀ ਹੈ। ਜਿੰਪਾ ਨੇ ਸਿੱਧੇ ਤੌਰ 'ਤੇ ਮੁੱਖ ਮੰਤਰੀ ਨੂੰ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮਿਲਣ ਲਈ ਬੇਨਤੀ ਕੀਤੀ ਸੀ। ਪੰਜਾਬ ਵਿੱਚ ਕੈਬਨਿਟ ਮੰਤਰੀਆਂ ਨਾਲ ਅਜਿਹਾ ਹੀ ਸਲੂਕ ਕੀਤਾ ਜਾਂਦਾ ਹੈ। ਸਰਕਾਰ ਵੱਲੋਂ ਕਿਸਾਨਾਂ ਤੇ ਲੋੜਵੰਦਾਂ ਨੂੰ ਹੜ੍ਹਾਂ 'ਚ ਰਾਹਤ ਦੇਣ ਤੋਂ ਇਨਕਾਰ ਕਰਨਾ ਸਮਝ ਵਿੱਚ ਆਉਂਦਾ ਹੈ।



ਦਰਅਸਲ, ਸੀਐਮ ਭਗਵੰਤ ਮਾਨ ਬੀਤੀ ਸ਼ਾਮ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਹੁਸ਼ਿਆਰਪੁਰ ਪਹੁੰਚੇ ਸਨ। ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਇੱਥੋਂ ਦੇ ਵਿਧਾਇਕ ਵੀ ਹਨ। ਇਸੇ ਲਈ ਉਨ੍ਹਾਂ ਦੇ ਨਾਲ ਹੋਣਾ ਤੈਅ ਸੀ। ਦੌਰੇ ਦੌਰਾਨ ਮੀਡੀਆ ਨੇ ਸੀਐਮ ਮਾਨ ਨੂੰ ਘੇਰ ਲਿਆ ਤੇ ਹੜ੍ਹਾਂ ਨਾਲ ਸਬੰਧਤ ਸਵਾਲ ਕੀਤੇ। ਇਸ ਦੌਰਾਨ ਮੰਤਰੀ ਜ਼ਿੰਪਾ ਨੇ ਸੀਐਮ ਮਾਨ ਨੂੰ ਕਿਹਾ ਕਿ ਉਹ ਅੱਗੇ ਚੱਲਣ ਤੇ ਕਿਸਾਨਾਂ ਨੂੰ ਮਿਲਣ ਪਰ ਸੀਐਮ ਮਾਨ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਉਲਝੇ ਰਹੇ। ਮੰਤਰੀ ਜ਼ਿੰਪਾ ਨੇ ਫਿਰ ਕਿਹਾ ਕਿ ਅਜੇ ਹੋਰ ਅੱਗੇ ਜਾਣਾ ਹੈ। ਇਸ ਗੱਲ ਦੋ-ਤਿੰਨ ਵਾਰ ਹੋਈ ਤਾਂ ਸੀਐਮ ਮਾਨ ਨੂੰ ਗੁੱਸਾ ਆ ਗਿਆ।


ਆਖਰ ਵਿੱਚ ਮੁੱਖ ਮੰਤਰੀ ਖਿਝ ਗਏ ਤੇ ਮੰਤਰੀ ਜ਼ਿੰਪਾ ਦੀ ਕਲਾਸ ਲਾ ਦਿੱਤੀ। ਇਸ ਤੋਂ ਬਾਅਦ ਮੰਤਰੀ ਜ਼ਿੰਪਾ ਮੁੱਖ ਮੰਤਰੀ ਤੋਂ ਹੱਥ ਜੋੜ ਕੇ ਮੁਆਫੀ ਮੰਗਦੇ ਹੀ ਨਜ਼ਰ ਆਏ। ਵਿਰੋਧੀ ਪਾਰਟੀਆਂ ਨੇ ਮੁੱਖ ਮੰਤਰੀ ਵੱਲੋਂ ਸਭ ਦੇ ਸਾਹਮਣੇ ਜ਼ਿੰਪਾ 'ਤੇ ਵਰ੍ਹਣ ਤੇ ਮੰਤਰੀ ਜ਼ਿੰਪਾ ਵੱਲੋਂ ਸਭ ਦੇ ਸਾਹਮਣੇ ਮੁਆਫ਼ੀ ਮੰਗਣ 'ਤੇ ਸਵਾਲ ਖੜ੍ਹੇ ਕੀਤੇ ਹਨ।