ਹੁਸ਼ਿਆਰਪੁਰ: ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਜਾਇਜ਼ ਕਬਜ਼ੇ ਛੁਡਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਬਲਾਕ ਦਸੂਹਾ ਦੇ ਪਿੰਡ ਸੰਘਵਾਲ 'ਚ ਇੱਕ ਵਿਅਕਤੀ ਅਤੇ ਬਲਾਕ ਮੁਕੇਰੀਆਂ ਦੇ ਪਿੰਡ ਸਨਿਆਲ ਵਿਚ ਤਿੰਨ ਵਿਅਕਤੀਆਂ ਵਲੋਂ ਪੰਚਾਇਤੀ ਜ਼ਮੀਨ ’ਤੇ ਕੀਤੇ ਗਏ ਕਬਜ਼ੇ ਨੂੰ ਛੁਡਾਉਣ ਵਿਚ ਕਾਮਯਾਬੀ ਹਾਸਲ ਕੀਤੀ ਗਈ ਹੈ। ਸੰਘਵਾਲ ਵਿਚ ਇਹ ਕਬਜ਼ਾ ਡੀਡੀਪੀਓ ਅਜੇ ਕੁਮਾਰ ਅਤੇ ਬੀਡੀਪੀਓ ਦਸੂਹਾ ਧਨਵੰਤ ਸਿੰਘ ਰੰਧਾਵਾ ਅਤੇ ਮੁਕੇਰੀਆਂ ਵਿਚ ਤਹਿਸੀਲਦਾਰ ਅਰਵਿੰਦ ਸਲਵਾਨ ਅਤੇ ਬੀਡੀਪੀਓ ਮੁਕੇਰੀਆਂ ਕੁਲਵੰਤ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਛੁਡਾਇਆ ਗਿਆ।


ਦੱਸ ਦਈਏ ਕਿ ਸੰਘਵਾਲ ਪਿੰਡ 'ਚ ਇੱਕ ਵਿਅਕਤੀ ਵਲੋਂ 97 ਏਕੜ ਅਤੇ ਪਿੰਡ ਸਨਿਆਲ ਵਿਚ 3 ਵਿਅਕਤੀਆਂ ਵਲੋਂ 3 ਏਕੜ 7 ਕਨਾਲ 16 ਮਰਲੇ ਦੀ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕੀਤਾ ਗਿਆ ਸੀ, ਜਿਸ ਦਾ ਕਬਜ਼ਾ ਸਬੰਧਤ ਪਿੰਡ ਦੀ ਪੰਚਾਇਤ ਨੂੰ ਦੁਆ ਦਿੱਤਾ ਗਿਆ ਹੈ। ਕਬਜ਼ਾ ਛੁਡਾਉਣ ਤੋਂ ਬਾਅਦ ਬੀਡੀਪੀਓ ਦਸੂਹਾ ਨੇ ਦੱਸਿਆ ਕਿ 97 ਏਕੜ ਜ਼ਮੀਨ ’ਤੇ ਪੌਦੇ ਲਗਾਉਣ ਦਾ ਕੰਮ ਕੀਤਾ ਜਾਵੇਗਾ, ਜਦਕਿ ਬੀਡੀਪੀਓ  ਮੁਕੇਰੀਆਂ ਨੇ ਦੱਸਿਆ ਕਿ ਕਰੀਬ ਸਾਢੇ 3 ਏਕੜ ਜ਼ਮੀਨ ਨੂੰ ਖੁੱਲ੍ਹੀ ਬੋਲੀ ਰਾਹੀਂ ਪਟੇ ’ਤੇ ਦਿੱਤਾ ਜਾਵੇਗਾ।


ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕਿਹਾ ਕਿ ਪਿੰਡਾਂ ਵਿਚੋਂ ਨਜਾਇਜ਼ ਕਬਜ਼ੇ ਛੁਡਾਉਣ ਲਈ ਜ਼ਿਲ੍ਹੇ ਪ੍ਰਸ਼ਾਸਨ ਵਲੋਂ ਅਭਿਆਨ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਹਾਲ ਵਿਚ ਹੀ 6 ਮਈ ਨੂੰ ਪਿੰਡ ਮਹਿਰਾ ਜੱਟਾਂ (ਬਲਾਕ ਤਲਵਾੜਾ) ਦੀ 12 ਏਕੜ 5 ਕਨਾਲ ਅਤੇ 8 ਮਰਲੇ ਦੀ ਪੰਚਾਇਤੀ ਜ਼ਮੀਨ ਦਾ ਕਬਜ਼ਾ ਛੁਡਾਅ ਕੇ ਪੰਚਾਇਤ ਨੂੰ ਦਿੱਤਾ ਗਿਆ ਸੀ। ਉਨ੍ਹਾਂ ਬੀਡੀਪੀਓਜ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਨਜਾਇਜ਼ ਕਬਜ਼ੇ ਹਟਾਉਣ ਲਈ ਪੂਰੀ ਗੰਭੀਰਤਾ ਦਿਖਾਈ ਜਾਵੇ ਕਿਉਂਕਿ ਪੰਜਾਬ ਸਰਕਾਰ ਇਸ ਪ੍ਰਤੀ ਪੂਰੀ ਗੰਭੀਰ ਹੈ।


ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਕਿਸੇ ਵੀ ਵਿਅਕਤੀ ਦਾ ਨਜਾਇਜ਼ ਕਬਜ਼ਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਵਿਚ ਕਬਜ਼ਾਕਾਰਾਂ ਵਲੋਂ ਨਜਾਇਜ਼ ਕਬਜ਼ੇ ਕੀਤੇ ਗਏ ਹਨ, ਉਹ ਤੁਰੰਤ ਬੀਡੀਪੀਓਜ਼ ਨੂੰ ਵਾਪਸ ਸੌਂਪ ਦੇਣ। ਉਨ੍ਹਾਂ ਕਿਹਾ ਕਿ ਜੇਕਰ ਕਬਜ਼ਾਕਾਰਾਂ ਵਲੋਂ ਆਪਣੇ ਨਜਾਇਜ਼ ਕਬਜ਼ੇ ਤਹਿਤ ਜ਼ਮੀਨ ਨਾ ਛੱਡੀ ਗਈ, ਤਾਂ ਕਾਨੂੰਨ ਮੁਤਾਬਕ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।


ਸੰਦੀਪ ਹੰਸ ਨੇ ਕਿਹਾ ਕਿ ਕਈ ਪਿੰਡਾਂ ਵਿਚ ਗ੍ਰਾਮ ਪੰਚਾਇਤਾਂ ਦੀਆਂ ਸ਼ਾਮਲਾਟ ਜ਼ਮੀਨਾਂ ’ਤੇ ਵੀ ਨਜਾਇਜ਼ ਕਬਜ਼ੇ ਕੀਤੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਪਿੰਡਾਂ ਵਿਚ ਜਿੱਥੇ ਰੋਡ ਜਾਂ ਹੋਰ ਸੜਕਾਂ, ਰਸਤਿਆਂ ਦੇ ਆਲੇ-ਦੁਆਲੇ ਜਾਂ ਦੂਸਰੀਆਂ ਸੜਕਾਂ ਦੇ ਬਰਮਾਂ ’ਤੇ ਨਜਾਇਜ਼ ਕਬਜੇ ਕੀਤੇ ਹੋਏ ਹਨ, ਉਥੇ ਕਈ ਪਿੰਡਾਂ ਵਿਚ ਸੜਕਾਂ ਅਤੇ ਆਮ ਰਸਤਿਆਂ ਦੇ ਆਲੇ-ਦੁਆਲੇ ਵੀ ਢੇਰ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਨਜਾਇਜ਼ ਕਬਜਿਆਂ ਕਾਰਨ ਆਵਾਜਾਈ ਵਿਚ ਵਿਘਨ ਪੈਂਦਾ ਹੈ ਅਤੇ ਆਮ ਜਨਤਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।


ਇਹ ਵੀ ਪੜ੍ਹੋ: Afghan Resistance Attack Taliban: ਪੰਜਸ਼ੀਰ 'ਚ NRF ਅਤੇ ਤਾਲਿਬਾਨ ਵਿਚਾਲੇ ਛਿੜੀ ਜੰਗ, ਦੋਵਾਂ ਪਾਸਿਆਂ ਹੋ ਰਹੇ ਇਹ ਦਾਅਵੇ