ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਬਣਾਈ ਗਈ ਕਮੇਟੀ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਇਸੇ ਧੜੇ ਦੇ ਦਿੱਲੀ ਤੋਂ ਆਗੂ ਅਵਤਾਰ ਸਿੰਘ ਹਿੱਤ ਨੂੰ ਬਾਹਰ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਇਹ ਜਾਪਦਾ ਹੈ ਕਿ ਉਕਤ ਮੁਹਿੰਮ ਰਾਹੀਂ ਦੋਵੇਂ ਆਗੂਆਂ ਵੱਲੋਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡਟਵਾਂ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਬਲਜੀਤ ਸਿੰਘ ਦਾਦੂਵਾਲ ਵੱਲੋਂ ਸੁਖਬੀਰ ਸਿੰਘ ਬਾਦਲ ਬਾਰੇ ਉਠਾਏ ਇਤਰਾਜ਼ ਦਾ ਵੀ ਸਮਰਥਨ ਕੀਤਾ। ਇਸ ਸਬੰਧੀ ਦਿੱਲੀ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਪੱਤਰ ਲਿਖਿਆ ਗਿਆ ਹੈ।

ਕਾਲਕਾ ਨੇ ਕਿਹਾ ਕਿ ਜਿਸ ਅਕਾਲੀ ਦਲ ਦੇ ਚੋਣ ਨਿਸ਼ਾਨ ਖ਼ਿਲਾਫ਼ ਤੇ ਉਸ ਦਲ ਨੂੰ ਸਿਆਸੀ ਧਿਰ ਸਾਬਤ ਕਰਨ ਲਈ ਅਦਾਲਤਾਂ ’ਚ ਸਰਨਾ ਭਰਾ ਗਏ, ਹੁਣ ਉਹ ਉਸੇ ਧਿਰ ਨੂੰ ਧਾਰਮਿਕ ਧਿਰ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ ਪਰ ਸਿਆਸੀ ਆਗੂ ਸ਼ਾਮਲ ਕਰਨ ਦਾ ਵਿਰੋਧ ਕੀਤਾ ਜਾਵੇਗਾ।

ਕਾਲਕਾ ਤੇ ਜਗਦੀਪ ਸਿੰਘ ਕਾਹਲੋਂ ਨੇ ਸਰਨਾ ਭਰਾਵਾਂ ਤੇ ਮਨਜੀਤ ਸਿੰਘ ਜੀਕੇ ਨੂੰ ਸਵਾਲ ਕੀਤਾ ਕਿ ਕੀ ਹੁਣ ਬਰਗਾੜੀ ਤੇ ਬਹਿਬਲ ਕਲਾਂ ਮੁੱਦੇ ’ਤੇ ਬਾਦਲ ਬਰੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ’ਚੋਂ 328 ਸਰੂਪ ਗਾਇਬ ਹੋਣ ਬਾਰੇ ਬਾਦਲਾਂ ਨੇ ਹਾਲੇ ਤੱਕ ਕੋਈ ਪ੍ਰਤੱਖ ਬਿਆਨ ਨਹੀਂ ਦਿੱਤਾ ਹੈ।


ਹੁਣ ਕਿਸਾਨ ਕਰਨਗੇ ਦੇਸ਼ ਦੀ ਸਿਆਸਤ ਤੈਅ? ਕਿਸਾਨ ਚਾਹੁਣ ਤਾਂ ਹਾਕਮਾਂ ਦੇ ਤਖ਼ਤ ਪਲਟ ਸਕਦੇ, ਅਗਲੀਆਂ ਚੋਣਾਂ 'ਚ ਫ਼ਸਲਾਂ ਦਾ ਸਹੀ ਮੁੱਲ ਦੇਣ ਵਾਲਿਆਂ ਨੂੰ ਵੋਟ ਪਾਉਣ ਦਾ ਸੱਦਾ