ਫਿਰੋਜ਼ਪੁਰ : ਹਲਕਾ ਜ਼ੀਰਾ ਦੇ ਪਿੰਡ ਲੋਹਕੇ ਕਲਾਂ ਦੇ ਸ਼ਹੀਦ ਫੌਜੀ ਕੁਲਦੀਪ ਸਿੰਘ ਨੂੰ ਅੱਜ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। 10 ਜੁਲਾਈ ਨੂੰ ਚੀਨ ਦੇ ਬਾਰਡਰ 'ਤੇ ਪਿੰਡ ਲੋਹਕੇ ਕਲਾਂ ਦੇ ਫੌਜੀ ਜਵਾਨ ਦੀ ਸ਼ਹਾਦਤ ਹੋਈ ਜਿਸ ਤੋਂ ਬਾਅਦ ਅੱਜ ਜੱਦੀ ਪਿੰਡ 'ਚ ਉਹਨਾਂ ਦਾ ਸਸਕਾਰ ਕੀਤਾ ਗਿਆ। ਫੌਜ ਦੀ ਟੁਕੜੀ ਵੱਲੋਂ ਸ਼ਹੀਦ ਨੂੰ ਸਲਾਮੀ ਦਿੱਤੀ ਗਈ।
ਦਸ ਦਈਏ ਕਿ ਜਵਾਨ ਕੁਲਦੀਪ ਸਿੰਘ 2014 ਵਿੱਚ 21 ਸਿੱਖ ਰੈਜੀਮੈਂਟ ਵਿਚ ਭਰਤੀ ਹੋਇਆ ਸੀ। ਜੋ ਚੀਨ ਦੇ ਬਾਰਡਰ ਤੇ ਬੁਮਲਾ ਸੈਕਟਰ ਵਿਚ ਆਪਣੀ ਡਿਊਟੀ ਨਿਭਾਅ ਰਿਹਾ ਸੀ ਅਤੇ ਅਚਨਚੇਤ ਮੌਤ ਹੋ ਗਈ।
ਜਿਕਰਯੋਗ ਹੈ ਕਿ ਸ਼ਹੀਦੀ ਪਾਉਣ ਵਾਲੇ ਦਿਨ ਹੀ ਜਵਾਨ ਦਾ ਜਨਮਦਿਨ ਸੀ। ਸ਼ਹੀਦ ਕੁਲਦੀਪ ਸਿੰਘ ਦਾ ਵਿਆਹ ਤਿੰਨ ਸਾਲ ਪਹਿਲਾਂ ਹੋਇਆ ਸੀ ਜਿਸ ਦਾ ਇੱਕ ਡੇਢ ਸਾਲ ਦਾ ਲੜਕਾ ਹੈ । ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੀ ਮਾਤਾ ਪਤਨੀ ਇਕ ਭਰਾ ਤਿੰਨ ਭੈਣਾਂ ਹਨ ਜਿਸ ਦੀ ਦੇਹ ਨੂੰ ਅੱਜ ਹਲਕਾ ਜ਼ੀਰਾ ਦੇ ਪਿੰਡ ਲੋਹਕੇ ਕਲਾਂ ਲਿਆਂਦਾ ਗਿਆ ਤੇ ਪੂਰੇ ਮਾਣ ਸਨਮਾਨ ਨਾਲ ਅੰਤਿਮ ਸਸਕਾਰ ਕੀਤਾ ਗਿਆ ਇਸ ਮੌਕੇ ਉਨ੍ਹਾਂ ਦੇ ਪਰਿਵਾਰ ਵਿਚ ਗ਼ਮਗੀਨ ਮਾਹੌਲ ਬਣਿਆ ਹੋਇਆ ਹੈ ।
ਇਸ ਮੌਕੇ ਜਿੱਥੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਇਸ ਦੁੱਖ ਦੀ ਘੜੀ ਵਿੱਚ ਸ਼ਾਮਿਲ ਹੋਏ ਉਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐੱਸਡੀਐਮ ਜ਼ੀਰਾ ਅਰਵਿੰਦ ਪ੍ਰਕਾਸ਼ ਵਰਮਾ ਤੋਂ ਇਲਾਵਾ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ, ਹਲਕਾ ਵਿਧਾਇਕ ਨਰੇਸ਼ ਕਟਾਰੀਆ ਅਤੇ ਜੀ ਓ ਜੀ ਤੋਂ ਕਰਨਲ ਕਸ਼ਮੀਰ ਸਿੰਘ ਵੀ ਵਿਸ਼ੇਸ਼ ਤੌਰ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ।
ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਕੁਲਦੀਪ ਸਿੰਘ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਦੇ ਪਰਿਵਾਰ ਨਾਲ ਖੜ੍ਹੀ ਹੈ ਅਤੇ ਹਰ ਤਰ੍ਹਾਂ ਦੀ ਸੰਭਵ ਮੱਦਦ ਕਰਨ ਲਈ ਵਚਨਬੱਧ ਹੈ।