ਜਲੰਧਰ: ਪੰਜਾਬ 'ਚ ਗਰਮੀ ਦਾ ਪਾਰਾ ਵਧਣ ਦੇ ਨਾਲ-ਨਾਲ ਪੱਕੀ ਕਣਕ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵੀ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਫਗਵਾੜਾ ਤੋਂ ਸਾਹਮਣੇ ਆਇਆ ਹੈ ਜਿੱਥੇ ਚੰਡੀਗੜ੍ਹ ਬਾਈਪਾਸ ਵਿਖੇ 20 ਤੋਂ 25 ਕਿਲੇ ਵਿੱਚ ਖੜ੍ਹੀ ਕਣਕ ਦੀ ਫਸਲ ਤੇ ਨਾੜ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਬਿਜਲੀ ਦੇ ਸ਼ੌਰਟ ਸਰਕਟ ਕਾਰਨ ਇਹ ਅੱਗ ਲੱਗੀ ਹੈ।



ਇਸ ਸਬੰਧੀ ਗੱਲਬਾਤ ਕਰਦਿਆਂ ਪੀੜਤ ਕਿਸਾਨ ਅਵਤਾਰ ਸਿੰਘ ਨੇ ਦੱਸਿਆ ਕਿ ਬਿਜਲੀ ਦੇ ਸ਼ੌਰਟ ਸਰਕਟ ਕਾਰਨ ਉਸ ਦੇ 17 ਤੋਂ 18 ਖੇਤ 'ਚ ਕਣਕ ਦੀ ਫਸਲ ਤੇ ਨਾੜ ਨੂੰ ਅੱਗ ਲੱਗ ਗਈ। ਜਦਕਿ ਉਨ੍ਹਾਂ ਦੀ ਜ਼ਮੀਨ ਦੇ ਨਾਲ-ਨਾਲ ਹੋਰਨਾਂ ਕਿਸਾਨਾਂ ਦੇ ਖੇਤਾਂ ‘ਚ ਕਣਕ ਦੀ ਫਸਲ ਤੇ ਨਾੜ ਨੂੰ ਵੀ ਅੱਗ ਲੱਗ ਗਈ ਜਿਸ ਨਾਲ ਨਾਲ ਉਨ੍ਹਾਂ ਦਾ ਹਜਾਰਾਂ ਰੁਪਏ ਦਾ ਨੁਕਸਾਨ ਹੋ ਗਿਆ।

ਇਸ ਦੌਰਾਨ ਇੱਕ ਹੋਰ ਕਿਸਾਨ ਜਗਤਾਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਮੇਹਲੀ ਨੇ ਦੱਸਿਆ ਕਿ ਉਨ੍ਹਾਂ ਨੇ ਵਜੀਦੋਵਾਲ ਨਜਦੀਕ 10 ਖੇਤ ਠੇਕੇ 'ਤੇ ਲੈ ਕੇ ਕਣਕ ਬੀਜੀ ਸੀ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨਾਂ ਦੇ 10 ਖੇਤਾਂ ਵਿੱਚੋਂ 6 ਖੇਤਾਂ ਦੀ ਨਾੜ ਨੂੰ ਬਿਜਲੀ ਦੇ ਸ਼ੌਰਟ ਸਰਕਟ ਕਾਰਨ ਅੱਗ ਲੱਗ ਗਈ ਹੈ। ਇਸ ਕਾਰਨ ਉਨ੍ਹਾਂ ਦਾ ਭਾਰੀ ਨੁਕਸਾਨ ਹੋ ਗਿਆ।

ਉਨਾਂ ਕਿਹਾ ਕਿ ਲੋਕਾਂ ਦੇ ਦੱਸਣ ਮੁਤਾਬਕ ਅੱਗ ਬਿਜਲੀ ਦੇ ਸ਼ੌਰਟ ਸਰਕਟ ਨਾਲ ਲੱਗੀ ਹੈ ਪਰ ਸਪੱਸ਼ਟ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਨੁਕਸਾਨੀ ਫਸਲ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਉਧਰ ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਫਗਵਾੜਾ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਬੜੀ ਜੱਦੋ-ਜਹਿਦ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਅੱਗ ਨਾਲ ਕਿਸੇ ਵੀ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ ਤੇ ਫਿਲਹਾਲ ਅੱਗ ਤੇ ਕਾਬੂ ਪਾ ਲਿਆ ਗਿਆ ਹੈ।