Punjab News : ਪੰਜਾਬ 'ਚ ਤਾਪਮਾਨ 'ਚ ਗਿਰਾਵਟ ਦੇ ਨਾਲ ਹੀ ਠੰਡ ਵਧ ਗਈ ਹੈ ਅਤੇ ਹੁਣ ਧੁੰਦ ਦੀ ਚਾਦਰ ਦਿਖਾਈ ਦੇ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਸਵੇਰੇ ਬਹੁਤ ਹੀ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਨਾਲ ਹੀ ਸ਼ਾਮ ਤੋਂ ਬਾਅਦ ਵੀ ਇਹੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ। ਦਫ਼ਤਰ ਜਾਣ ਵਾਲਿਆਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਰਾਬ ਵਿਜ਼ੀਬਿਲਟੀ ਕਾਰਨ ਗੱਡੀ ਚਲਾਉਣ ਵਿੱਚ ਦਿੱਕਤ ਆ ਰਹੀ ਹੈ। ਵਧਦੀ ਠੰਡ ਦੇ ਮੱਦੇਨਜ਼ਰ ਇਹ ਸਿਲਸਿਲਾ ਹੋਰ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ।


 

ਮੌਸਮ ਵਿਚ ਬਦਲਾਅ ਕਾਰਨ ਅਗਲੇ 5 ਦਿਨ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਅਤੇ ਮੌਸਮ ਵਿਭਾਗ ਨੇ 2 ਦਿਨ ਲਈ ਪੰਜਾਬ ਵਿਚ ਅਲਰਟ ਜਾਰੀ ਕੀਤਾ ਹੈ ਕਿਉਂਕਿ ਧੁੰਦ ਇੰਨੀ ਸੰਘਣੀ ਹੋਵੇਗੀ ਕਿ ਨੇੜੇ ਖੜ੍ਹਾ ਵਿਅਕਤੀ ਵੀ ਦਿਖਾਈ ਨਹੀਂ ਦੇਵੇਗਾ, ਜਿਸ ਦੀ ਉਦਾਹਰਣ ਐਤਵਾਰ ਰਾਤ ਤੋਂ ਲੈ ਕੇ ਸੋਮਵਾਰ ਸਵੇਰ ਤੱਕ ਦੇਖਣ ਨੂੰ ਮਿਲੀ। ਦਸੰਬਰ ਦਾ ਮਹੀਨਾ ਬੀਤਣ ਵਾਲਾ ਹੈ ਪਰ ਬਰਸਾਤ ਦੇ ਆਸਾਰ ਬਿਲਕੁਲ ਹੀ ਦਿਖਾਈ ਨਹੀਂ ਦੇ ਰਹੇ।

 


 

ਬੀਤੀ ਰਾਤ ਹਾਈਵੇ ਅਤੇ ਮੈਦਾਨੀ ਇਲਾਕਿਆਂ ਵਿਚ ਵਿਜ਼ੀਬਿਲਿਟੀ ਜ਼ੀਰੋ ਰਹੀ। ਧੁੰਦ ਸਵੇਰੇ 9 ਵਜੇ ਦੇ ਲਗਭਗ ਜਾ ਕੇ ਹਟੀ। ਉਥੇ ਹੀ ਮਾਹਿਰਾਂ ਦਾ ਮੰਨਣਾ ਹੈ ਕਿ ਦਿਨ ਦੇ ਸਮੇਂ ਸ਼ੀਤ ਲਹਿਰ ਚੱਲਣ ਦੀ ਸੰਭਾਵਨਾ ਹੈ ਪਰ ਬਰਸਾਤ ਦੇ ਕੋਈ ਆਸਾਰ ਦਿਖਾਈ ਨਹੀਂ ਦੇ ਰਹੇ। ਮੌਸਮ ਵਿਭਾਗ ਅਨੁਸਾਰ ਦਸੰਬਰ 2020 ਵਿਚ 8.4 ਤਾਂ ਦਸੰਬਰ 2021 ਵਿਚ 11 ਮਿਲੀਮੀਟਰ ਬਰਸਾਤ ਹੋਈ ਸੀ ਅਤੇ 2023 ਆਉਣ ਵਿਚ 10 ਦਿਨ ਬਾਕੀ ਬਚੇ ਹਨ।

 

ਪਿਛਲੇ ਸਾਲ ਦੇ ਮੁਕਾਬਲੇ ਤਾਪਮਾਨ ਵਿਚ ਗਿਰਾਵਟ ਵੀ ਨਾਂਮਾਤਰ

ਦੱਸ ਦੇਈਏ ਕਿ ਦਸੰਬਰ 2021 ਵਿਚ ਤਾਪਮਾਨ 23 ਤੋਂ ਲੈ ਕੇ 25 ਡਿਗਰੀ ਦੇ ਵਿਚਕਾਰ ਰਿਹਾ ਸੀ। ਇਸ ਸਾਲ ਦਸੰਬਰ ਦਾ ਅੱਧਾ ਮਹੀਨਾ ਤਾਪਮਾਨ 25 ਤੋਂ 27 ਡਿਗਰੀ ਦੇ ਵਿਚਕਾਰ ਰਿਹਾ ਹੈ, ਜਦੋਂ ਕਿ ਸ਼ਾਮ ਦੇ ਸਮੇਂ ਤਾਪਮਾਨ 18 ਤੋਂ 19 ਡਿਗਰੀ ਵਿਚਕਾਰ ਰਿਹਾ। ਅੱਜ ਸਵੇਰ ਦਾ ਤਾਪਮਾਨ 5 ਤੋਂ ਲੈ ਕੇ 8 ਡਿਗਰੀ ਦੇ ਵਿਚਕਾਰ ਰਿਕਾਰਡ ਕੀਤਾ ਗਿਆ। ਮੌਸਮ ਮਾਹਿਰਾਂ ਨੇ ਦੱਸਿਆ ਕਿ ਰੈੱਡ ਅਲਰਟ ਇਸ ਲਈ ਜਾਰੀ ਕੀਤਾ ਗਿਆ ਹੈ ਕਿਉਂਕਿ ਹਾਈਵੇ ਅਤੇ ਮੈਦਾਨੀ ਇਲਾਕਿਆਂ ਵਿਚ ਸ਼ਾਮ ਪੈਂਦੇ ਹੀ ਇਕਦਮ ਧੁੰਦ ਡਿੱਗਣੀ ਸ਼ੁਰੂ ਹੋ ਜਾਵੇਗੀ, ਜੋ ਕਿ ਵਾਹਨ ਚਾਲਕਾਂ ਲਈ ਖਤਰਨਾਕ ਹੈ। ਰੈੱਡ ਅਲਰਟ ਆਉਣ ਵਾਲੇ ਦਿਨਾਂ ਵਿਚ ਜਿੰਨਾ ਹੋ ਸਕੇ ਸ਼ਾਮ ਦੇ ਸਮੇਂ ਬਾਹਰ ਨਾ ਨਿਕਲੋ। ਜੇਕਰ ਜ਼ਰੂਰੀ ਹੈ ਤਾਂ ਹੀ ਸਫਰ ਕਰੋ।