ਅੰਮ੍ਰਿਤਸਰ : ਸਿੱਧੂ ਮੂਸੇਵਾਲਾ ਕਤਲਕਾਂਡ 'ਚ ਨਾਮਜਦ ਗੈਂਗਸਟਰ ਜੱਗੂ ਭਗਵਾਨਪੁਰੀਆ, ਜੋ ਇਰਾਦਾ ਕਤਲ 'ਚ ਰਈਆ ਪੁਲਸ ਵੱਲੋਂ ਨਾਮਜਦ ਕੀਤਾ ਗਿਆ ਸੀ, ਨੂੰ ਅੱਜ ਚਾਰ ਦਿਨ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਦ ਮੁੜ ਬਾਬਾ ਬਕਾਲਾ ਅਦਾਲਤ 'ਚ ਪੇਸ਼ ਕਰਨ ਲਈ ਅੰਮ੍ਰਿਤਸਰ ਦਿਹਾਤੀ ਪੁਲਸ ਦੀ ਟੀਮ ਪੁੱਜ ਗਈ ਹੈ।
ਜੱਗੂ ਦਾ ਪੁਲਸ ਦੋ ਵਾਰ ਰਿਮਾਂਡ ਲੈ ਚੁੱਕੀ ਹੈ ਤੇ ਅੱਜ ਗੁਰਦਾਸਪੁਰ ਜਿਲ੍ਹੇ ਦੀ ਪੁਲਸ ਬਾਬਾ ਬਕਾਲਾ ਵਿਖੇ ਜੱਗੂ ਭਗਵਾਨਪੁਰੀਆ ਦਾ ਟਰਾਂਜਿਟ ਰਿਮਾਂਡ ਲੈਣ ਪੁੱਜ ਗਈ ਹੈ।
ਰਈਆ ਬੱਸ ਅੱਡੇ ਤੋਂ ਸ਼ੂਟਰ ਸ਼ੁਭਮ ਨੂੰ ਪੁਲਸ ਪਾਰਟੀ 'ਤੇ ਫਾਇਰਿੰਗ ਕਰਕੇ ਰਿਹਾਅ ਕਰਵਾਉਣ ਦੇ ਮਾਮਲੇ 'ਚ ਅੰਮ੍ਰਿਤਸਰ ਦਿਹਾਤੀ ਪੁਲਸ ਵੱਲੋਂ ਜੱਗੂ ਦਾ ਟਰਾਂਜਿਟ ਰਿਮਾਂਡ ਲਿਆ ਗਿਆ ਸੀ। ਜੱਗੂ ਕੋਲੋਂ ਇਸ ਤੋਂ ਪਹਿਲਾਂ ਮਾਨਸਾ ਪੁਲਸ 14 ਦਿਨ ਪੁੱਛਗਿੱਛ ਕਰ ਚੁੱਕੀ ਹੈ ਤੇ 11 ਦਿਨ ਅੰਮ੍ਰਿਤਸਰ ਦਿਹਾਤੀ ਪੁਲਸ ਕੋਲੋਂ ਰਿਮਾਂਡ ਅੱਜ ਖਤਮ ਹੋਣ ਤੋਂ ਬਾਅਦ ਅੱਜ ਬਾਬਾ ਬਕਾਲਾ ਵਿਖੇ ਪੇਸ਼ ਕੀਤਾ ਜਾਵੇਗਾ।
ਲੁਧਿਆਣਾ ਪੁਲਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਨਿਰਮਲ ਸਿੰਘ ਦੇ ਭਤੀਜੇ ਸੰਦੀਪ ਕਾਹਲੋਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਮਗਰੋਂ ਇਹ ਗੱਲ ਸਾਹਮਣੇ ਆਈ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਸੰਦੀਪ ਦੀ ਫਤਿਹਗੜ੍ਹ ਚੂੜੀਆਂ 'ਚ ਹਵੇਲੀ ਅੰਦਰ ਹਥਿਆਰ ਰੱਖਦਾ ਸੀ।
ਸੰਦੀਪ ਕਾਹਲੋਂ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਬਚਪਨ ਦਾ ਦੋਸਤ ਰਣਜੀਤ ਸਿੰਘ ਉਸਦੇ ਨਾਲ ਰਹਿੰਦਾ ਹੈ। ਰਣਜੀਤ ਸਿੰਘ ਅਤੇ ਜਗਜੀਤ ਸਿੰਘ ਉਰਫ ਜੱਗੂ ਭਗਵਾਨਪੁਰੀਆ ਦੀ ਚੰਗੀ ਦੋਸਤੀ ਹੈ। ਇਸ ਕਾਰਨ ਰਣਜੀਤ ਅਤੇ ਜੱਗੂ ਭਗਵਾਨਪੁਰੀਆ ਨੇ ਉਸ ਨੂੰ ਦੋ ਪਿਸਤੌਲ ਅਤੇ 28 ਰੌਂਦ ਰੱਖਣ ਲਈ ਦੇ ਦਿੱਤੇ।
ਜਦੋਂ ਰਣਜੀਤ ਤੇ ਜੱਗੂ ਨੂੰ ਹਥਿਆਰਾਂ ਦੀ ਲੋੜ ਪੈਂਦੀ ਸੀ ਤਾਂ ਉਹ ਸੰਦੀਪ ਕਾਹਲੋਂ ਦੀ ਹਵੇਲੀ ਤੋਂ ਹਥਿਆਰ ਲੈ ਕੇ ਆਉਂਦੇ ਸਨ। ਕੁਝ ਦਿਨਾਂ ਬਾਅਦ ਰਣਜੀਤ ਅਤੇ ਭਗਵਾਨਪੁਰੀ ਹਥਿਆਰਾਂ ਨੂੰ ਵਾਪਸ ਮਹਿਲ ਵਿਚ ਹੀ ਰੱਖ ਦਿੰਦੇ ਸਨ। ਸੰਦੀਪ ਕਾਹਲੋਂ ਦੇ ਇਸ਼ਾਰੇ 'ਤੇ ਪੁਲਿਸ ਨੇ ਉਸ ਦੀ ਹਵੇਲੀ 'ਚੋਂ ਇਕ 45 ਬੋਰ (ਯੂ.ਐੱਸ.ਏ.) ਪਿਸਤੌਲ ਸਮੇਤ 28 ਰੌਂਦ, ਇਕ 9.ਐੱਮ.ਐੱਮ. ਜਰਮਨ ਮੇਡ ਪਿਸਤੌਲ ਅਤੇ ਇਕ ਮੋਬਾਈਲ ਬਰਾਮਦ ਕੀਤਾ ਹੈ।
ਦੱਸ ਦੇਈਏ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗੈਂਗਸਟਰ ਸ਼ਾਹਰੁਖ ਨੂੰ ਫੜਿਆ ਸੀ। ਉਸ ਨੇ ਕਿਹਾ ਸੀ ਕਿ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਵਿੱਚ ਗੈਂਗਸਟਰ ਲਾਰੈਂਸ ਨਾਲ ਜੱਗੂ ਭਗਵਾਨਪੁਰੀਆ ਵੀ ਸ਼ਾਮਲ ਹੈ। ਪੁਲਿਸ ਜੱਗੂ ਭਗਵਾਨਪੁਰੀਆ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਲੈ ਕੇ ਆਈ ਹੈ।