Punjab News: ਵਿਦੇਸ਼ਾਂ ਵਿੱਚ ਫਸੀਆਂ ਪੰਜਾਬੀ ਔਰਤਾਂ ਦੀ ਦਿਲ ਕੰਬਾਉਣ ਵਾਲੀ ਸੱਚਾਈ ਸਾਹਮਣੇ ਆਉਣ ਮਗਰੋਂ ਪੀੜਤਾਂ ਨੂੰ ਪੰਜਾਬ ਲਿਆਉਣ ਲਈ ਕਵਾਇਦ ਵਿੱਢੀ ਗਈ ਹੈ। ਇਸ ਲਈ ਬਾਕਾਇਦਾ ਚਾਰ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਮਨੁੱਖੀ ਤਸਕਰੀ ਦੇ ਸਾਰੇ ਕੇਸਾਂ ਦੀ ਜਾਂਚ ਲਈ ਐਸਆਈਟੀ ਕਾਇਮ ਕੀਤੀ ਗਈ ਹੈ। ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਹੈ ਕਿ ਇਨ੍ਹਾਂ ਔਰਤਾਂ ਨੂੰ ਵਿਦੇਸ਼ ਭੇਜਣ ਵਾਲੇ ਏਜੰਟਾਂ ਖਿਲਾਫ ਕਾਰਵਾਈ ਹੋਏਗੀ।



ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਫਸੀਆਂ ਔਰਤਾਂ ਲਈ ਉਨ੍ਹਾਂ ਵੱਲੋਂ ਚਾਰ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਉਨ੍ਹਾਂ ਨੰਬਰ ਜਾਰੀ ਕਰਦਿਆਂ ਦੱਸਿਆ ਕਿ ਵਿਦੇਸ਼ਾਂ ਵਿੱਚ ਫਸੀਆਂ ਲੜਕੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਡਬਲਯੂਪੀਓ ਅਬੂ ਧਾਬੀ ਦੇ ਪ੍ਰਧਾਨ ਸੁਰਜੀਤ ਸਿੰਘ (+971556129811), ਡਬਲਯੂਪੀਓ ਓਮਾਨ ਦੇ ਪ੍ਰਧਾਨ ਕਮਲਜੀਤ ਸਿੰਘ ਮਠਾਰੂ (+96894055561) ਸ੍ਰੀ ਸਾਹਨੀ ਦਾ ਪਾਰਲੀਮੈਂਟਰੀ ਦਫ਼ਤਰ (+919910061111) ਤੇ ਡਬਲਯੂਪੀਓ ਚੰਡੀਗੜ੍ਹ ਗੁਰਬੀਰ ਸਿੰਘ (+97110008371) ਨਾਲ ਕਿਸੇ ਵੀ ਸਹਾਇਤਾ ਲਈ ਸੰਪਰਕ ਕਰ ਸਕਦੇ ਹਨ। 



ਸਾਹਨੀ ਨੇ ਵਾਪਸ ਆਉਣ ਵਾਲੀਆਂ ਕੁੜੀਆਂ ਦੇ ਪਰਿਵਾਰਾਂ ਨੂੰ ਬੇਨਤੀ ਕੀਤੀ ਕਿ ਉਹ ਅੱਗੇ ਆਉਣ ਤੇ ਸਬੰਧਤ ਥਾਣਿਆਂ ਵਿੱਚ ਕੇਸ ਦਰਜ ਕਰਾਉਣ ਤਾਂ ਜੋ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕੇ। ਸਾਹਨੀ ਨੇ ਮੱਧ ਪੂਰਬ ਦੇ ਦੇਸ਼ਾਂ ਵਿੱਚ ਫਸੀਆਂ ਕੁੜੀਆ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਜਦੋਂ ਉਹ ਵਾਪਸ ਆਉਣਗੀਆਂ ਤਾਂ ਇਨ੍ਹਾਂ ਕੁੜੀਆਂ ਨੂੰ ਮੁਫ਼ਤ ਕਿੱਤਾਮੁਖੀ ਸਿੱਖਿਆ ਦੇ ਕੇ ਉਨ੍ਹਾਂ ਨੂੰ ਪੰਜਾਬ ਵਿੱਚ ਪੱਕਾ ਸਨਮਾਨਯੋਗ ਰੁਜ਼ਗਾਰ ਦਿੱਤਾ ਜਾਵੇਗਾ। 


ਸਾਹਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਨੁੱਖੀ ਤਸਕਰੀ ਦੇ ਸਾਰੇ ਕੇਸਾਂ ਦੀ ਜਾਂਚ ਲਈ ਐਸਆਈਟੀ ਕਾਇਮ ਕੀਤੀ ਗਈ ਹੈ, ਜਿਸ ਨਾਲ ਪੰਜਾਬ ਤੋਂ ਮੱਧ ਪੂਰਬ ਦੇ ਦੇਸ਼ਾਂ ਵਿੱਚ ਗਈਆਂ ਔਰਤਾਂ ਨਾਲ ਹੁੰਦੇ ਸ਼ੋਸ਼ਣ ਨੂੰ ਰੋਕਣ ਵਿੱਚ ਮਦਦ ਮਿਲੇਗੀ। ਇਸ ਐਸਆਈਟੀ ਦਾ ਗਠਨ ਸਾਹਨੀ ਵੱਲੋਂ ਹਾਲ ਵਿੱਚ ਹੀ ਸ਼ੁਰੂ ਕੀਤੇ ਗਏ ‘ਮਿਸ਼ਨ ਹੋਪ’ ਤਹਿਤ ਕੀਤਾ ਗਿਆ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।