Mohalla Clinics in Punjab: ਦਿੱਲੀ ਤੋਂ ਬਾਅਦ ਹੁਣ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਮੁਹੱਲਾ ਕਲੀਨਿਕ ਦੀ ਪਹਿਲਕਦਮੀ ਸਾਹਮਣੇ ਆ ਰਹੀ ਹੈ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਵੀਰਵਾਰ ਨੂੰ ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨੂੰ ਮੁਹੱਲਾ ਕਲੀਨਿਕ ਸਥਾਪਤ ਕਰਨ ਲਈ ਜਗ੍ਹਾ ਦੀ ਚੋਣ ਕਰਨ ਦੇ ਨਿਰਦੇਸ਼ ਦਿੱਤੇ ਹਨ। ਵਿਭਾਗ ਦਾ ਟੀਚਾ 117 ਵਿਧਾਨ ਸਭਾ ਹਲਕਿਆਂ ਵਿੱਚ ਮੁਹੱਲਾ ਕਲੀਨਿਕ ਸਥਾਪਤ ਕਰਨ ਦਾ ਹੈ।



117 ਵਿਧਾਨ ਸਭਾ ਹਲਕਿਆਂ ਵਿੱਚ ਬਣਨਗੇ ਮੁਹੱਲਾ ਕਲੀਨਿਕ 
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਸਿਵਲ ਸਰਜਨਾਂ ਨੂੰ ਕਲੀਨਿਕਾਂ ਲਈ ਸਥਾਨ ਦੀ ਪਛਾਣ ਕਰਨ ਲਈ ਸਬੰਧਤ ਵਿਧਾਇਕਾਂ ਨਾਲ ਸੰਪਰਕ ਕਰਨ ਲਈ ਕਿਹਾ। ਇਸ ਦੇ ਨਾਲ ਹੀ ਜਗ੍ਹਾ ਦੀ ਚੋਣ ਲਈ ਨਾਮ ਅਤੇ ਕਿਰਾਏ ਦੀ ਰਕਮ 1 ਮਈ ਤੱਕ ਉਪਲਬਧ ਕਰਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਸਿਹਤ ਵਿਭਾਗ ਦਾ ਟੀਚਾ 117 ਵਿਧਾਨ ਸਭਾ ਹਲਕਿਆਂ ਵਿੱਚ ਮੁਹੱਲਾ ਕਲੀਨਿਕ ਸਥਾਪਤ ਕਰਨ ਦਾ ਹੈ।



ਦਿੱਲੀ ਮਾਡਲ ਦਾ ਵਿਸਥਾਰ ਕਰ ਰਹੀ ਹੈ ਸਰਕਾਰ 
ਦੱਸ ਦਈਏ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਨੇ ਮੁਹੱਲਾ ਕਲੀਨਿਕ ਦਾ ਇਹ ਵਿਚਾਰ ਦਿੱਲੀ ਤੋਂ ਲਿਆ ਹੈ ਅਤੇ ਹੁਣ ਇੱਥੇ ਦਿੱਲੀ ਮਾਡਲ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਸਿਹਤ ਅਤੇ ਮੈਡੀਕਲ ਸਿੱਖਿਆ ਮੰਤਰੀ ਡਾ: ਵਿਜੇ ਸਿੰਗਲਾ ਨੇ ਹਾਲ ਹੀ ਵਿੱਚ ਐਲਾਨ ਕੀਤਾ ਸੀ ਕਿ "ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਭਰ ਵਿੱਚ 16,000 ਮੁਹੱਲਾ ਕਲੀਨਿਕ ਸਥਾਪਿਤ ਕਰੇਗੀ। ਇਸ ਦੇ ਨਾਲ ਹੀ ਰਾਜ ਦੇ ਹਰ ਵਸਨੀਕ ਨੂੰ ਇੱਕ 'ਸਿਹਤ ਕਾਰਡ' ਵੀ ਮਿਲੇਗਾ।"



ਸਿੰਗਲਾ ਨੇ ਕਿਹਾ ਸੀ ਕਿ "ਸਾਨੂੰ ਸਾਰਿਆਂ ਨੂੰ ਨਾਨ-ਪ੍ਰੈਕਟਿਸਿੰਗ ਅਲਾਉਂਸ (ਐਨ.ਪੀ.ਏ.) ਮਿਲਦਾ ਹੈ। ਪ੍ਰਾਈਵੇਟ ਪ੍ਰੈਕਟਿਸ ਵਿੱਚ ਸ਼ਾਮਲ ਹੋਣ ਦੀ ਬਜਾਏ ਇੱਕ ਡਾਕਟਰ ਨੂੰ ਸਰਕਾਰੀ ਹਸਪਤਾਲ ਵਿੱਚ ਗਰੀਬ ਮਰੀਜ਼ਾਂ ਲਈ ਵਾਧੂ ਘੰਟੇ ਬਿਤਾਉਣੇ ਚਾਹੀਦੇ ਹਨ।" ਉਨ੍ਹਾਂ ਕਿਹਾ ਕਿ ਸਿਸਟਮ ਨੂੰ ਠੀਕ ਕਰਨ ਲਈ ਮੇਰੇ ਕੋਲ ਜਾਦੂ ਦੀ ਛੜੀ ਨਹੀਂ ਹੈ, ਇਸ ਲਈ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ।