Mansa News: ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿੱਚ ਅੱਜ ਸਵੇਰੇ ਬਾਰਸ਼ ਹੋਣ ਨਾਲ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ। ਇਸ ਕਾਰਨ ਪਤੀ ਤੇ ਪਤਨੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਸ ਦੌਰਾਨ ਪਤਨੀ ਦੀ ਮੌਤ ਹੋ ਗਈ ਹੈ ਤੇ ਪਤੀ ਨੂੰ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੀੜਤ ਪਰਿਵਾਰ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।


ਹਾਸਲ ਜਾਣਕਾਰੀ ਮੁਤਾਬਕ ਮੂਸਾ ਪਿੰਡ ਵਿੱਚ ਅੱਜ ਸਵੇਰੇ ਇੱਕ ਵੱਡੀ ਘਟਨਾ ਵਾਪਰੀ ਹੈ। ਬਾਰਸ਼ ਕਾਰਨ ਇੱਕ ਗਰੀਬ ਪਰਿਵਾਰ ਦਾ ਘਰ ਡਿੱਗਣ ਕਾਰਨ ਮਹਿਲਾ ਰਾਣੀ ਕੌਰ (48) ਦੀ ਮੌਤ ਹੋ ਗਈ ਹੈ ਜਦੋਂਕਿ ਉਸ ਦੇ ਪਤੀ ਘੁੱਕਰ ਸਿੰਘ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ।


ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਨ ਪਹੁੰਚੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਜਿਸ ਵਿੱਚ ਔਰਤ ਦੀ ਮੌਤ ਹੋ ਗਈ ਤੇ ਉਸ ਦੇ ਪਤੀ ਨੂੰ ਪਟਿਆਲਾ ਵਿਖੇ ਜਖਮੀ ਹਾਲਤ ਵਿੱਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇ ਵਿੱਚ ਸਰਕਾਰਾਂ ਦੋਸ਼ੀ ਹਨ ਕਿਉਂਕਿ ਉਨ੍ਹਾਂ ਵੱਲੋਂ ਆਪਣੇ ਪਿੰਡ ਦੇ 55 ਘਰ ਮਨਜ਼ੂਰ ਹੋਏ ਹਨ, ਜਦੋਂਕਿ ਹੁਣ ਤਕ 10 ਦੀ ਪੇਮੈਂਟ ਹੋਈ ਹੈ ਤੇ ਬਾਕੀ ਦੀ ਪੇਮੈਂਟ ਨਹੀਂ ਹੋਈ।


ਉਨ੍ਹਾਂ ਕਿਹਾ ਕਿ ਔਰਤ ਵੀ ਉਨ੍ਹਾਂ ਕੋਲ ਆਪਣਾ ਘਰ ਪਾਸ ਕਰਵਾਉਣ ਲਈ ਗੇੜੇ ਮਾਰਦੀ ਰਹੀ ਪਰ ਸਰਕਾਰ ਨੇ ਅਜੇ ਤੱਕ ਇਨ੍ਹਾਂ ਪਰਿਵਾਰਾਂ ਦੇ ਪੈਸੇ ਨਹੀਂ ਪਾਏ। ਉਨ੍ਹਾਂ ਕਿਹਾ ਕੀ ਫਾਇਦਾ ਨੀਤੀਆਂ ਬਣਾਉਣ ਦਾ ਜਦੋਂ ਸਮੇਂ ਸਿਰ ਪਰਿਵਾਰਾਂ ਨੂੰ ਪੈਸੇ ਨਹੀਂ ਭੇਜੇ ਜਾ ਸਕਦੇ। ਅੱਜ ਇਸੇ ਕਾਰਨ ਹੀ ਇਹ ਹਾਦਸਾ ਹੋਇਆ ਹੈ।


ਪਿੰਡ ਵਾਸੀ ਸੁਖਪਾਲ ਸਿੰਘ ਤੇ ਗੁਲਾਬ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਬਾਰਸ਼ ਕਾਰਨ ਇਸ ਗਰੀਬ ਪਰਿਵਾਰ ਦਾ ਘਰ ਡਿੱਗਿਆ ਹੈ। ਔਰਤ ਦੀ ਮੌਤ ਹੋਈ ਹੈ। ਇਨ੍ਹਾਂ ਦੇ ਦੋ ਬੇਟੀਆਂ ਤੇ ਦੋ ਬੇਟੇ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕੇ ਪੀੜਤ ਪਰਿਵਾਰ ਨੂੰ ਬਣਦੀ ਆਰਥਿਕ ਮਦਦ ਦਿੱਤੀ ਜਾਵੇ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।