ਚੰਡੀਗੜ੍ਹ: ਪੰਜਾਬ ਸਰਕਾਰ ਲੰਪੀ ਸਕਿਨ ਬਿਮਾਰੀ ਨਾਲ ਨਜਿੱਠਣ ਵਿੱਚ ਅਸਫਲ ਨਜ਼ਰ ਆ ਰਹੀ ਹੈ। ਹੁਣ ਤੱਕ 2100 ਤੋਂ ਵੱਧ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ, ਜਦਕਿ 60 ਹਜ਼ਾਰ ਪਸ਼ੂ ਇਸ ਬਿਮਾਰੀ ਤੋਂ ਪ੍ਰਭਾਵਿਤ ਹਨ। ਇਸ ਦੇ ਬਾਵਜੂਦ ਪੰਜਾਬ ਸਰਕਾਰ ਦੇ ਸਿਰਫ ਦਾਅਵੇ ਹੀ ਨਜ਼ਰ ਆ ਰਹੇ ਹਨ, ਜ਼ਮੀਨੀ ਪੱਧਰ ਉੱਪਰ ਕੋਈ ਐਕਸ਼ਨ ਵੇਖਣ ਨੂੰ ਨਹੀਂ ਮਿਲ ਰਿਹਾ। ਪੰਜਾਬ ਵਿੱਚ 4 ਜੁਲਾਈ ਨੂੰ ਲੰਪੀ ਬਿਮਾਰੀ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ ਪਰ ਸਰਕਾਰ ਨੇ ਵੇਲੇ ਸਿਰ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ।


ਪੰਜਾਬ ਸਰਕਾਰ ਵਾਰ-ਵਾਰ ਦਾਅਵੇ ਕਰ ਰਹੀ ਹੈ ਕਿ ਚੌਕਸੀ ਵਰਤੀ ਜਾ ਰਹੀ ਹੈ ਪਰ ਬਿਮਾਰੀ ਲਗਾਤਾਰ ਫੈਲ ਰਹੀ ਹੈ। ਹਾਸਲ ਜਾਣਕਾਰੀ ਮੁਤਾਬਕ ਹੁਣ ਤੱਕ 1.45 ਲੱਖ ਪਸ਼ੂਆਂ ਨੂੰ ਟੀਕਾ ਲਾਇਆ ਜਾ ਚੁੱਕਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਬਿਮਾਰੀ ਦੇ ਫੈਲਣ ਦੀ ਨਿਗਰਾਨੀ ਤੇ ਕੰਟਰੋਲ ਕਰਨ ਲਈ ਮੰਤਰੀਆਂ ਦਾ ਤਿੰਨ ਮੈਂਬਰੀ ਗਰੁੱਪ ਬਣਾਇਆ ਹੈ ਪਰ ਇਹ ਸਿਰਫ ਕਾਗਜ਼ੀ ਕਾਰਵਾਈ ਹੀ ਨਜ਼ਰ ਆ ਰਹੀ ਹੈ।



ਜ਼ਿਕਰਯੋਗ ਹੈ ਕਿ ਪੰਜਾਬ ਤੋਂ ਇਲਾਵਾ ਰਾਜਸਥਾਨ, ਉੱਤਰਾਖੰਡ, ਗੁਜਰਾਤ ਤੇ ਅੰਡੇਮਾਨ ਨਿਕੋਬਾਰ ਟਾਪੂ ਇਸ ਬਿਮਾਰੀ ਦੇ ਪ੍ਰਕੋਪ ਦੀ ਲਪੇਟ ਵਿੱਚ ਹਨ। ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਤੱਕ 60,329 ਪਸ਼ੂ ਪ੍ਰਭਾਵਿਤ ਹੋਏ ਹਨ ਤੇ 2,114 ਦੀ ਮੌਤ ਹੋ ਗਈ ਹੈ। ਸ਼ੁੱਕਰਵਾਰ ਨੂੰ 30000 ਪਸ਼ੂਆਂ ਨੂੰ ਖੁਰਾਕ ਦਿੱਤੀ ਗਈ ਤੇ 50 ਹਜ਼ਾਰ ਤੱਕ ਲਿਜਾਣ ਦਾ ਟੀਚਾ ਮਿਥਿਆ ਗਿਆ ਹੈ।



ਉਧਰ, ਜਲ ਸਰੋਤ ਮੰਤਰੀ ਹਰਜੋਤ ਸਿੰਘ ਬੈਂਸ ਦੀਆਂ ਹਦਾਇਤਾਂ ’ਤੇ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਪੱਤਰ ਲਿਖ ਕੇ ਗੰਦਗੀ ਨਾਲ ਮਰ ਰਹੇ ਪਸ਼ੂਆਂ ਨੂੰ ਜਲਘਰਾਂ ਵਿੱਚ ਸੁੱਟਣ ਤੋਂ ਰੋਕਣ ਲਈ ਲੋੜੀਂਦੇ ਕਦਮ ਚੁੱਕਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਬਣਦੀ ਕਾਰਵਾਈ ਕੀਤੀ ਜਾਵੇ। 


ਉਂਝ, ਬਿਮਾਰੀ ਨੂੰ ਫੈਲਣ ਤੋਂ ਰੋਕਣ ਦੇ ਯਤਨਾਂ ਦੇ ਹਿੱਸੇ ਵਜੋਂ, ਰਾਜ ਸਰਕਾਰ ਨੇ ਰਾਜ ਵਿੱਚ ਪਸ਼ੂ ਮੇਲਿਆਂ 'ਤੇ ਪਾਬੰਦੀ ਲਗਾ ਦਿੱਤੀ ਹੈ ਤੇ ਦੂਜੇ ਰਾਜਾਂ ਤੋਂ ਪਸ਼ੂਆਂ ਦੇ ਦਾਖਲੇ ਨੂੰ ਰੋਕਣ ਲਈ ਸਰਹੱਦਾਂ ਨੂੰ ਸੀਲ ਕਰ ਦਿੱਤਾ ਹੈ। ਪਸ਼ੂ ਪਾਲਣ ਵਿਭਾਗ ਨੇ ਡੇਅਰੀ ਮਾਲਕਾਂ ਨੂੰ ਮਰੇ ਹੋਏ ਪਸ਼ੂਆਂ ਨੂੰ ਡੂੰਘੇ ਟੋਇਆਂ ਵਿੱਚ ਦੱਬਣ ਦੀ ਅਪੀਲ ਕੀਤੀ ਹੈ।