Khanna News: ਖੰਨਾ ਚ ਬੁੱਧਵਾਰ ਦੀ ਰਾਤ ਕਰੀਬ 10 ਵਜੇ ਚੋਰੀ ਦੀ ਵੱਡੀ ਵਾਰਦਾਤ ਹੋਈ। ਇਹ ਵਾਰਦਾਤ ਵੀ ਨੈਸ਼ਨਲ ਹਾਈਵੇ ਉਪਰ ਹੋਈ ਜਿਸ ਨਾਲ ਪੁਲਿਸ ਦੀ ਕਾਰਜਸ਼ੈਲੀ ਉਪਰ ਮੁੜ ਤੋਂ ਸਵਾਲ ਖੜ੍ਹੇ ਹੋਏ। ਪੰਜਾਬ ਪੁਲਿਸ ਦੇ ਹੌਲਦਾਰ ਦੀ ਬਰੀਜਾ ਕਾਰ ਦਾ ਸ਼ੀਸ਼ਾ ਤੋੜ ਕੇ ਇੱਕ ਸੂਟਕੇਸ ਚੋਰੀ ਕਰ ਲਿਆ ਗਿਆ। ਸੂਟਕੇਸ ਵਿੱਚ ਕਰੀਬ 30 ਤੋਲੇ ਸੋਨਾ, 2 ਲੱਖ ਰੁਪਏ ਅਤੇ ਹੋਰ ਸਾਮਾਨ ਸੀ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਜਾਂਚ 'ਚ ਲੱਗ ਗਈ।
ਪਰਿਵਾਰ ਨੂੰ ਗੋਲਗੱਪੇ ਖਾਣ ਪਏ ਮਹਿੰਗੇ
ਜਗਰਾਉਂ ਪੁਲਿਸ ਲਾਈਨ ਵਿਖੇ ਤਾਇਨਾਤ ਹੌਲਦਾਰ ਕੁਲਦੀਪ ਸਿੰਘ ਦੀ ਪਤਨੀ ਗੁਰਵਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੇ ਪਤੀ, ਨੂੰਹ ਅਤੇ ਲੜਕੀ ਸਮੇਤ ਬ੍ਰੀਜਾ ਕਾਰ ਵਿੱਚ ਜਗਰਾਉਂ ਤੋਂ ਸਰਹਿੰਦ ਨੂੰ ਜਾ ਰਹੇ ਸੀ ਉਹ ਖੰਨਾ ਵਿਖੇ ਬੀਕਾਨੇਰ ਸਵੀਟਸ 'ਚ ਮਿਠਾਈ ਖਰੀਦਣ ਲਈ ਰੁਕੇ। ਇਸ ਦੌਰਾਨ ਉਹ ਮਿਠਾਈ ਦੀ ਦੁਕਾਨ ਦੇ ਬਾਹਰ ਗੋਲਗੱਪੇ ਖਾਣ ਲੱਗੇ। ਓਹਨਾਂ ਦਾ ਧਿਆਨ ਕਾਰ ਵੱਲ ਸੀ। ਕਿਉਂਕਿ ਕਾਰ ਦੀ ਪਿਛਲੀ ਸੀਟ 'ਤੇ ਸੂਟਕੇਸ ਪਿਆ ਸੀ ਜਿਸ ਵਿੱਚ ਸੋਨੇ ਦੇ ਗਹਿਣੇ ਅਤੇ ਨਕਦੀ ਸੀ। ਹਾਲੇ 2 ਮਿੰਟ ਵੀ ਨਹੀਂ ਹੋਏ ਹੋਣਗੇ ਕਿ ਜਦੋਂ ਉਹ ਕਾਰ ਅੰਦਰ ਆਏ ਤਾਂ ਦੇਖਿਆ ਕਿ ਪਿਛਲੀ ਸੀਟ ਤੋਂ ਸੂਟਕੇਸ ਗਾਇਬ ਸੀ। ਪਿਛਲੀ ਖਿੜਕੀ ਦਾ ਸ਼ੀਸ਼ਾ ਤੋੜਿਆ ਹੋਇਆ ਸੀ। ਗੁਰਵਿੰਦਰ ਕੌਰ ਅਨੁਸਾਰ ਉਸਦੇ ਲੜਕੇ ਦਾ ਵਿਆਹ ਨਵੰਬਰ ਵਿੱਚ ਹੈ। ਇਸ ਲਈ ਓਹਨਾਂ ਨੇ ਸੋਨੇ ਦੇ ਗਹਿਣੇ ਪਹਿਲਾਂ ਹੀ ਖਰੀਦ ਲਏ ਸਨ। ਉਹ ਜਗਰਾਉਂ ਤੋਂ ਸਰਹਿੰਦ ਜਾ ਰਹੇ ਸਨ। ਕੁਆਟਰਾਂ ਵਿੱਚ ਸੋਨਾ ਅਤੇ ਨਕਦੀ ਸੁਰੱਖਿਅਤ ਨਹੀਂ ਸੀ। ਇਸ ਕਾਰਨ ਉਹ ਨਾਲ ਲੈ ਕੇ ਜਾ ਰਹੇ ਸਨ। ਪਰ ਰਸਤੇ 'ਚ ਇਹ ਵਾਰਦਾਤ ਹੋ ਗਈ।
ਪੁਲਿਸ ਮਾਮਲੇ ਨੂੰ ਸ਼ੱਕੀ ਨਜ਼ਰ ਨਾਲ ਦੇਖ ਰਹੀ ਹੈ
ਦੂਜੇ ਪਾਸੇ ਪੁਲੀਸ ਵੀ ਇਸ ਘਟਨਾ ਨੂੰ ਲੈ ਕੇ ਦੁਚਿੱਤੀ ਵਿੱਚ ਹੈ। ਸਿਟੀ ਥਾਣਾ 1 ਦੇ ਐਸਐਚਓ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਪਹਿਲੀ ਨਜ਼ਰ ਤੋਂ ਮਾਮਲਾ ਸ਼ੱਕੀ ਨਜ਼ਰ ਆ ਰਿਹਾ ਹੈ। ਕਿਉਂਕਿ ਸਫ਼ਰ ਦੌਰਾਨ ਇੰਨਾ ਸੋਨਾ ਆਪਣੇ ਨਾਲ ਲੈ ਕੇ ਜਾਣਾ ਸਮਝਦਾਰੀ ਦੀ ਗੱਲ ਨਹੀਂ ਹੈ। ਐੱਸ ਐੱਚ ਓ ਨੇ ਦੱਸਿਆ ਕਿ ਜਿੱਥੇ ਇਹ ਘਟਨਾ ਵਾਪਰੀ ਉੱਥੇ ਕੋਈ ਕੈਮਰੇ ਨਹੀਂ ਹਨ। ਰੋਡ ਉਪਰ ਬਾਕੀ ਕੈਮਰੇ ਦੇਖੇ ਜਾ ਰਹੇ ਹਨ। ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਉਮੀਦ ਹੈ ਕਿ ਇਸ ਵਾਰਦਾਤ ਨੂੰ ਛੇਤੀ ਹੱਲ ਕਰ ਲਿਆ ਜਾਵੇਗਾ।