After Congress, now BJP can give a blow to Akali Dal


Punjab Politics: ਪੰਜਾਬ ਦੀ ਸਿਆਸਤ ਲਗਾਤਾਰ ਸੁਰਖੀਆਂ 'ਚ ਹੈ। ਬੇਸ਼ੱਕ ਸੂਬੇ 'ਚ ਚੋਣਾਂ ਖ਼ਤਮ ਹੋ ਕੇ ਆਪ ਦੀ ਸਰਕਾਰ ਬਣੇ ਨੂੰ ਵੀ ਦੋ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਪੰਜਾਬ ਦੀਆਂ ਸਿਆਸੀ ਪਾਰਟੀਆਂ 'ਚ ਭੂਚਾਲ ਧੰਮਣ ਦਾ ਨਾਂ ਨਹੀਂ ਲੈ ਰਿਹਾ। ਦੱਸ ਦਈਏ ਕਿ ਬੀਤੇ ਦਿਨੀਂ ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਉਸ ਸਮੇਂ ਲੱਗਿਆ ਜਦੋਂ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਨੇ ਕਾਂਗਰਸ ਦਾ ਹੱਥ ਛੱਡ ਕੇ ਬੀਜੇਪੀ ਦੇ ਪੱਲਾ ਫੜ੍ਹ ਲਿਆ।


ਇਸੇ ਤਰ੍ਹਾਂ ਹੁਣ ਖ਼ਬਰਾਂ ਹਨ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੀ ਹੈ। ਪਿਛਲੇ ਦਿਨਾਂ ਦੇ ਫੇਰਬਦਲ ਤੋਂ ਬਾਅਦ ਹੁਣ ਭਾਜਪਾ ਜਲਦ ਹੀ ਅਕਾਲੀ ਦਲ ਵੱਲ ਰੁਖ ਕਰ ਸਕਦੀ ਹੈ। ਕਈ ਅਕਾਲੀ ਆਗੂਆਂ ਦੀ ਗੱਲ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਚੱਲ ਰਹੀ ਹੈ।


ਖ਼ਬਰਾਂ ਹਨ ਕਿ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਤੋਂ ਅਕਾਲੀ ਦਲ ਨੂੰ ਕਰਾਰਾ ਝਟਕਾ ਦੇ ਸਕਦੀ ਹੈ। ਇਸ ਬਾਬਤ ਅੰਮ੍ਰਿਤਸਰ ਵਿੱਚ ਅਜਨਾਲਾ ਦੇ ਸਾਬਕਾ ਵਿਧਾਇਕ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਅਮਰਪਾਲ ਸਿੰਘ ਬੋਨੀ ਦੀਆਂ ਅੰਮ੍ਰਿਤਸਰ ਪੂਰਬੀ ਤੋਂ ਭਾਜਪਾ ਦੇ ਉਮੀਦਵਾਰ ਆਈਏਐਸ ਜਗਮੋਹਨ ਰਾਜੂ ਨਾਲ ਤਸਵੀਰਾਂ ਵਾਇਰਲ ਹੋਈਆਂ ਹਨ। ਦੱਸ ਦਈਏ ਕਿ ਅਮਰਪਾਲ ਸਿੰਘ ਬੋਨੀ ਨੇ ਜਗਮੋਹਨ ਰਾਜੂ ਨੂੰ ਸਨਮਾਨਿਤ ਕੀਤਾ ਤੇ ਪ੍ਰਧਾਨ ਮੰਤਰੀ ਦੀ ਸ਼ਲਾਘਾ ਵੀ ਕੀਤੀ।


ਜੇਕਰ ਸਾਬਕਾ ਵਿਧਾਇਕ ਬੋਨੀ ਭਾਜਪਾ ਵਿੱਚ ਜਾਂਦੇ ਹਨ ਤਾਂ ਇਹ ਅਕਾਲੀ ਦਲ ਲਈ ਵੱਡਾ ਝਟਕਾ ਹੋਣ ਵਾਲਾ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਹੋਣ ਦੇ ਨਾਲ-ਨਾਲ ਬੋਨੀ ਬਿਕਰਮ ਮਜੀਠੀਆ ਖਿਲਾਫ ਡਰੱਗਜ਼ ਕੇਸ ਵਿੱਚ ਸਰਕਾਰੀ ਗਵਾਹ ਵੀ ਹਨ। ਹਾਲਾਂਕਿ ਅਕਾਲੀ ਦਲ ਦਾ ਕਹਿਣਾ ਹੈ ਕਿ ਬੋਨੀ ਵੱਲੋਂ ਦਿੱਤਾ ਗਿਆ ਬਿਆਨ ਝੂਠਾ ਸੀ ਤੇ ਇਹ ਬਿਆਨ ਡਰਾ ਧਮਕਾ ਕੇ ਲਿਆ ਗਿਆ ਸੀ।


ਮੀਟਿੰਗ ਵਿੱਚ ਸਾਬਕਾ ਵਿਧਾਇਕ ਬੋਨੀ ਨੇ ਜਿੱਥੇ ਜਗਮੋਹਨ ਰਾਜੂ ਨੂੰ ਸਨਮਾਨਿਤ ਕੀਤਾ, ਉੱਥੇ ਹੀ ਆਈਏਐਸ ਰਾਜੂ ਦੇ ਸਾਹਮਣੇ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ਼ ਵੀ ਕੀਤੀ। ਬੋਨੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ 8 ਸਾਲ ਪੂਰੇ ਹੋਣ 'ਤੇ ਵਧਾਈ ਦਿੱਤੀ। ਬੋਨੀ ਅਜਨਾਲਾ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਵੱਲੋਂ ਲੋਕਾਂ ਦੀ ਭਲਾਈ ਲਈ ਲਿਆਂਦੀਆਂ ਵੱਖ-ਵੱਖ ਸਕੀਮਾਂ ਤੋਂ ਬਹੁਤ ਪ੍ਰਭਾਵਿਤ ਹਨ। ਉਹ ਇਨ੍ਹਾਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਹਰ ਸੰਭਵ ਯਤਨ ਕਰਦੇ ਰਹਿਣਗੇ।


ਇਹ ਵੀ ਪੜ੍ਹੋ: Sidhu Moosewala's father Appeal to Youth: ਸਿੱਧੂ ਮੂਸੇਵਾਲਾ ਦੇ ਪਿਤਾ ਦੀ ਨੌਜਵਾਨਾਂ ਨੂੰ ਅਪੀਲ, ਦਸਤਾਰਾਂ ਸਜਾਓ ਤੇ ਨਸ਼ਿਆਂ ਤੋਂ ਦੂਰ ਰਹੋ, ਰੁੱਖ ਲਾਉਣ ਦਾ ਸੱਦਾ