Punjab News: ਕਣਕ ਦੀ ਬਿਜਾਈ ਤੋਂ ਪਹਿਲਾਂ ਡੀਪੀਏ ਦਾ ਸੰਕਟ ਖੜ੍ਹਾ ਹੋਣ ਲੱਗਾ ਹੈ। ਇਸ ਕਰਕੇ ਕਿਸਾਨਾਂ ਅੰਦਰ ਸਹਿਮ ਹੈ। ਪੰਜਾਬ ਦੇ ਬਹੁਤੇ ਇਲਾਕਿਆਂ ਅੰਦਰ ਝੋਨੇ ਦੀ ਕਟਾਈ ਹੋ ਚੁੱਕੀ ਹੈ। ਕਿਸਾਨ ਕਣਕ ਦੀ ਬਿਜਾਈ ਕਰਨ ਲੱਗੇ ਹਨ। ਦੂਜੇ ਪਾਸੇ ਰਿਪੋਰਟਾਂ ਮਿਲ ਰਹੀਆਂ ਹਨ ਕਿ ਪੇਂਡੂ ਸਹਿਕਾਰੀ ਸਭਾਵਾਂ ਕੋਲ ਡੀਏਪੀ ਖਾਦ ਲੋੜੀਂਦੀ ਮਾਤਰਾ ਵਿੱਚ ਉਪਲੱਬਧ ਨਹੀਂ। ਸਹਿਕਾਰੀ ਸਭਾਵਾਂ ਕੋਲ ਡੀਏਪੀ ਖਾਦ ਨਾ ਹੋਣ ਕਰਕੇ ਡੀਲਰਾਂ ਵੱਲੋਂ ਲਾਹਾ ਲਿਆ ਜਾ ਰਿਹਾ ਹੈ। 


ਬੀਕੇਯੂ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਆਖਦੇ ਹਨ ਕਿ ਪੰਜਾਬ ਸਰਕਾਰ ਕਣਕ ਦੀ ਬਿਜਾਈ ਤੋਂ ਪਹਿਲਾਂ ਡੀਏਪੀ ਦੀ ਢੁੱਕਵੀਂ ਸਪਲਾਈ ਯਕੀਨੀ ਨਹੀਂ ਬਣਾ ਸਕੀ ਹੈ ਤੇ ਨਿੱਜੀ ਖਾਦ ਡੀਲਰ ਕਿਸਾਨਾਂ ਦੀ ਲੁੱਟ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਈ ਸ਼ਹਿਰਾਂ ਵਿੱਚ ਪ੍ਰਾਈਵੇਟ ਡੀਲਰ ਕਿਸਾਨਾਂ ’ਤੇ ਖਾਦ ਦੇ ਨਾਲ ਹੋਰ ਕੀਟਨਾਸ਼ਕ ਦੀ ਵਿਕਰੀ ਥੋਪ ਰਹੇ ਹਨ।



ਹਾਸਲ ਜਾਣਕਾਰੀ ਅਨੁਸਾਰ ਪੰਜਾਬ ਵਿੱਚ 30 ਨਵੰਬਰ ਤੱਕ 7.50 ਲੱਖ ਮੀਟਰਿਕ ਟਨ ਡੀਏਪੀ ਖਾਦ ਦੀ ਲੋੜ ਹੈ ਜਦੋਂਕਿ ਪਹਿਲੀ ਅਪਰੈਲ ਤੋਂ ਹੁਣ ਤੱਕ 5.10 ਲੱਖ ਮੀਟਰਿਕ ਟਨ ਡੀਏਪੀ ਖਾਦ ਉਪਲੱਬਧ ਹੋਈ ਹੈ। ਨਵੀਂ ਸਰਕਾਰ ਨੇ ਇਸ ਵਾਰ ਨਵਾਂ ਤਜਰਬਾ ਕੀਤਾ ਹੈ ਕਿ ਸਹਿਕਾਰੀ ਸਭਾਵਾਂ ਨੂੰ ਖਾਦ ਦੀ ਸਪਲਾਈ ਕਰਨ ਵਿੱਚ ਇਫਕੋ ਦੀ ਹਿੱਸੇਦਾਰੀ ਵਿੱਚ ਵਾਧਾ ਕੀਤਾ ਹੈ। ਇਫਕੋ ਹੀ ਪੇਂਡੂ ਸਹਿਕਾਰੀ ਸਭਾਵਾਂ ਨੂੰ ਖਾਦ ਦੀ ਸਪਲਾਈ ਕਰਨ ਵਿੱਚ ਪੱਛੜ ਰਿਹਾ ਹੈ।


ਪਿਛਲੇ ਵਰ੍ਹਿਆਂ ਵਿੱਚ ਪੇਂਡੂ ਸਹਿਕਾਰੀ ਸਭਾਵਾਂ ਨੂੰ 75 ਫ਼ੀਸਦੀ ਖਾਦ ਮਾਰਕਫੈੱਡ ਸਪਲਾਈ ਕਰਦਾ ਸੀ ਜਦੋਂਕਿ 25 ਫ਼ੀਸਦੀ ਖਾਦ ਦੀ ਸਪਲਾਈ ਇਫਕੋ ਵੱਲੋਂ ਦਿੱਤੀ ਜਾਂਦੀ ਸੀ। ਇਸ ਵਾਰ ਸਹਿਕਾਰਤਾ ਵਿਭਾਗ ਨੇ ਇਫਕੋ ਦੀ ਖਾਦ ਸਪਲਾਈ ਵਿੱਚ ਹਿੱਸੇਦਾਰੀ ਵਧਾ ਕੇ 35 ਫ਼ੀਸਦੀ ਕਰ ਦਿੱਤੀ ਹੈ। 


ਦੱਸ ਦਈਏ ਕਿ ਪੰਜਾਬ ਵਿੱਚ ਤਕਰੀਬਨ 3500 ਪੇਂਡੂ ਸਹਿਕਾਰੀ ਸਭਾਵਾਂ ਹਨ, ਜਿਨ੍ਹਾਂ ਨੂੰ ਇਫਕੋ ਨੇ ਕੁੱਲ 1.08 ਲੱਖ ਮੀਟਰਿਕ ਟਨ ਡੀਏਪੀ ਦੀ ਸਪਲਾਈ ਕਰਨੀ ਸੀ ਪਰ ਇਫਕੋ ਨੇ ਕਰੀਬ 30 ਹਜ਼ਾਰ ਮੀਟਰਿਕ ਟਨ ਦੀ ਸਪਲਾਈ ਕੀਤੀ ਹੈ। ਮਾਰਕਫੈੱਡ ਵੱਲੋਂ ਸਹਿਕਾਰੀ ਸਭਾਵਾਂ ਨੂੰ 1.95 ਲੱਖ ਮੀਟਰਿਕ ਟਨ ਡੀਏਪੀ ਸਪਲਾਈ ਕੀਤੀ ਜਾਣੀ ਸੀ ਤੇ ਹੁਣ ਤੱਕ ਮਾਰਕਫੈੱਡ 1.40 ਲੱਖ ਮੀਟਰਿਕ ਟਨ ਡੀਏਪੀ ਸਹਿਕਾਰੀ ਸਭਾਵਾਂ ਨੂੰ ਦੇ ਚੁੱਕਿਆ ਹੈ। 



ਕੌਮਾਂਤਰੀ ਬਾਜ਼ਾਰ ਵਿੱਚ ਖਾਦ ਦੇ ਭਾਅ ਉੱਚੇ ਹਨ ਤੇ 80 ਫ਼ੀਸਦੀ ਖਾਦ ਭਾਰਤ ਵਿਦੇਸ਼ਾਂ ਤੋਂ ਲਿਆਉਂਦਾ ਹੈ। ਕੁਝ ਸਮਾਂ ਪਹਿਲਾਂ ਕੌਮਾਂਤਰੀ ਮਾਰਕੀਟ ਵਿੱਚ ਡੀਏਪੀ 1050 ਡਾਲਰ ਪ੍ਰਤੀ ਐੱਮਟੀਸੀ ਤੇ ਹੁਣ ਇਹ ਭਾਅ 700 ਡਾਲਰ ਪ੍ਰਤੀ ਮੀਟਰਿਕ ਟਨ ’ਤੇ ਆ ਗਿਆ ਹੈ। ਇਸ ਦੇ ਬਾਵਜੂਦ ਸਪਲਾਈ ਢੁਕਵੀਂ ਮਿਲ ਨਹੀਂ ਰਹੀ। ਪ੍ਰਾਈਵੇਟ ਡੀਲਰਾਂ ਕੋਲ ਕਰੀਬ 80 ਹਜ਼ਾਰ ਮੀਟਰਿਕ ਟਨ ਡੀਏਪੀ ਖਾਦ ਪਹੁੰਚੀ ਹੈ।