Punjab News: ਬਿਜਲੀ ਚੋਰੀ ਕਰਨ ਵਾਲਿਆਂ ਦੀ ਖੈਰ ਨਹੀਂ। ਪੰਜਾਬ ਭਰ ਵਿੱਚ ਬਿਜਲੀ ਚੋਰੀ ਰੋਕਣ ਲਈ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਇਸ ਦੌਰਾਨ ਘਰੇਲੂ ਬਿਜਲੀ ਚੋਰੀ ਦੇ ਨਾਲ ਹੀ ਜਾਅਲੀ ਟਿਊਬਵੈੱਲ ਕੁਨੈਕਸ਼ਨਾਂ ਉੱਪਰ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਪੰਜਾਬ ਅੰਦਰ ਪਿਛਲੇ ਦੋ ਦਿਨਾਂ ਵਿੱਚ 451 ਬਿਜਲੀ ਖਪਤਕਾਰਾਂ ਦੇ ਘਰਾਂ ਦੀ ਚੈਕਿੰਗ ਕੀਤੀ ਤੇ ਬਿਜਲੀ ਚੋਰੀ ਕਰਨ ਤੇ ਬਿਜਲੀ ਦੀ ਅਣ-ਅਧਿਕਾਰਤ ਵਰਤੋਂ ਕਰਨ ਦੇ ਦੋਸ਼ ਲਈ 40 ਖਪਤਕਾਰਾਂ ਨੂੰ 15.70 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। 



ਇਸ ਬਾਰੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਬੁਲਾਰੇ ਨੇ ਦੱਸਿਆ ਹੈ ਕਿ ਰਾਜ ਵਿੱਚ ਬਿਜਲੀ ਚੋਰੀ ਨੂੰ ਰੋਕਣ ਲਈ ਸ਼ੁਰੂ ਕੀਤੀ ਮੁਹਿੰਮ ਦੇ ਚੰਗੇ ਨਤੀਜੇ ਆ ਰਹੇ ਹਨ। ਵਿਸ਼ੇਸ਼ ਮੁਹਿੰਮ ਵਿੱਚ ਸਾਰੀਆਂ ਸ਼੍ਰੇਣੀਆਂ ਦੇ ਖਪਤਕਾਰਾਂ ਤੇ ਖੇਤੀਬਾੜੀ ਖੇਤਰ ਜਿੱਥੇ ਜਾਅਲੀ ਟਿਊਬਵੈੱਲ ਕੁਨੈਕਸ਼ਨ ਚੱਲ ਰਹੇ ਹਨ, ਵਿਰੁੱਧ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। 


ਉਨ੍ਹਾਂ ਦੱਸਿਆ ਕਿ ਚੋਰੀ ਰੋਕਣ ਲਈ ਚਲਾਈ ਮੁਹਿੰਮ ਤਹਿਤ ਅੰਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ ਤੇ ਪਟਿਆਲਾ ਸਰਕਲਾਂ ਦੀਆਂ ਪੀਐਸਪੀਸੀਐਲ ਇਨਫੋਰਸਮੈਂਟ ਟੀਮਾਂ ਤੇ ਪੁਲਿਸ ਅਧਿਕਾਰੀਆਂ ਨੇ ਸਾਂਝੇ ਤੌਰ ’ਤੇ ਮਾਰੇ ਛਾਪਿਆਂ ਦੌਰਾਨ ਦੋ ਦਿਨਾਂ ਵਿੱਚ 451 ਬਿਜਲੀ ਖਪਤਕਾਰਾਂ ਦੇ ਘਰਾਂ ਦੀ ਚੈਕਿੰਗ ਕੀਤੀ ਤੇ ਬਿਜਲੀ ਚੋਰੀ ਕਰਨ ਤੇ ਬਿਜਲੀ ਦੀ ਅਣ-ਅਧਿਕਾਰਤ ਵਰਤੋਂ ਕਰਨ ਦੇ ਦੋਸ਼ ਲਈ 40 ਖਪਤਕਾਰਾਂ ਨੂੰ 15.70 ਲੱਖ ਰੁਪਏ ਜੁਰਮਾਨਾ ਕੀਤਾ ਗਿਆ। 



ਬਠਿੰਡਾ ਸਰਕਲ ਦੀਆਂ ਟੀਮਾਂ ਨੇ ਭਗਤਾ ਭਾਈਕਾ, ਧਰਮਕੋਟ, ਸ੍ਰੀ ਮੁਕਤਸਰ ਸਾਹਿਬ (ਉਪਨਗਰ), ਜਲਾਲਾਬਾਦ, ਮਲੋਟ (ਸਿਟੀ) ਗੁਰੂ ਹਰਸਹਾਏ (ਉਪਨਗਰ) ਤਲਵੰਡੀ ਸਾਬੋ ਅਤੇ ਬਠਿੰਡਾ ਦੇ 219 ਖਪਤਕਾਰਾਂ ਦੇ ਅਹਾਤਿਆਂ ਦੀ ਚੈਕਿੰਗ ਕੀਤੀ ਤੇ 14 ਖਪਤਕਾਰਾਂ ਨੂੰ 6.60 ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਲੁਧਿਆਣਾ ਸਰਕਲ ਦੀਆਂ ਇਨਫੋਰਸਮੈਂਟ ਟੀਮਾਂ ਨੇ ਅਸਟੇਟ ਯੂ 1 ਤੇ 2 ਦੇ 33 ਖਪਤਕਾਰਾਂ ਦੇ ਅਹਾਤਿਆਂ ਦੀ ਚੈਕਿੰਗ ਕੀਤੀ ਅਤੇ ਬਿਜਲੀ ਚੋਰੀ ਤੇ ਹੋਰ ਉਲੰਘਣਾਵਾਂ ਕਰਨ ਵਾਲੇ 12 ਖਪਤਕਾਰਾਂ ਨੂੰ 7.1 ਲੱਖ ਰੁਪਏ ਦੇ ਜੁਰਮਾਨੇ ਕੀਤੇ।


ਇਸੇ ਤਰ੍ਹਾਂ ਪਟਿਆਲਾ ਸਰਕਲ ਦੀਆਂ ਇਨਫੋਰਸਮੈਂਟ ਟੀਮਾਂ ਨੇ ਮੁਹਾਲੀ ਤੇ ਮਨੀਮਾਜਰਾ ਇਲਾਕਿਆਂ ਦੇ 199 ਬਿਜਲੀ ਖਪਤਕਾਰਾਂ ਦੇ ਅਹਾਤੇ ਦੀ ਚੈਕਿੰਗ ਕੀਤੀ ਅਤੇ 14 ਖਪਤਕਾਰਾਂ ਨੂੰ ਚੋਰੀ ਅਤੇ ਹੋਰ ਉਲੰਘਣਾਵਾਂ ਲਈ 2 ਲੱਖ ਰੁਪਏ ਜੁਰਮਾਨਾ ਕੀਤਾ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਹੋਰ ਤੇਜ਼ ਕੀਤੀ ਜਾਏਗੀ।