ਮੋਹਾਲੀ : ਪੰਜਾਬ ਵਿੱਚ ਫਿਜ਼ੀਕਲ ਟ੍ਰੇਨਿੰਗ ਇੰਸਟ੍ਰਕਟਰ (PTI) ਦੇ ਸਿਖਲਾਈ ਪ੍ਰਾਪਤ ਅਧਿਆਪਕਾਂ ਦੇ ਅੰਦੋਲਨ ਨੂੰ ਇੱਕ ਸਾਲ ਪੂਰਾ ਹੋ ਗਿਆ ਹੈ। ਬੁੱਧਵਾਰ ਨੂੰ ਦੋ ਪੀਟੀਆਈ ਅਧਿਆਪਕ ਮੋਹਾਲੀ ਵਿੱਚ ਪਾਣੀ ਦੀ ਟੈਂਕੀ ਉੱਤੇ ਚੜ੍ਹ ਗਏ। ਉਨ੍ਹਾਂ ਦੇ ਹੱਥਾਂ ਵਿੱਚ ਪੈਟਰੋਲ ਦੀਆਂ ਬੋਤਲਾਂ ਵੀ ਹਨ। ਉਹ ਨੌਕਰੀਆਂ ਦੀ ਮੰਗ ਨੂੰ ਲੈ ਕੇ ਸੂਬਾ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਪੁਲਿਸ ਮੌਕੇ 'ਤੇ ਮੌਜੂਦ ਹੈ ਅਤੇ ਅੰਦੋਲਨਕਾਰੀਆਂ ਨੂੰ ਨੀਚੇ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਅਧਿਆਪਕਾਂ ਨੇ ਪਿਛਲੇ ਸਾਲ ਵੀ ਪਾਣੀ ਵਾਲੀ ਟੈਂਕੀ 'ਤੇ ਚੜ ਕੇ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਸੀ। ਉਨ੍ਹਾਂ ਧਰਨਾਕਾਰੀ ਅਧਿਆਪਕਾਂ ਨੂੰ ਕਿਹਾ ਸੀ ਕਿ ਜੇਕਰ ਸੂਬੇ ਵਿੱਚ ਉਨ੍ਹਾਂ ਦੀ ਸਰਕਾਰ ਬਣੀ ਤਾਂ ਉਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ।

ਕੀ ਹੈ ਪ੍ਰਦਰਸ਼ਨਕਾਰੀਆਂ ਦੀ ਮੰਗ


ਪੀਟੀਆਈ ਸਿੱਪੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੀ ਪਿਛਲੀ ਸਰਕਾਰ ਨੇ ਨੌਕਰੀ ਦੀ ਗਰੰਟੀ ਦਿੱਤੀ ਸੀ ਪਰ ਕਿਸੇ ਨੂੰ ਨਹੀਂ ਮਿਲੀ। ਆਪ ਨੇ ਵੀ ਸਾਨੂੰ ਨੌਕਰੀਆਂ ਦੇਣ ਦਾ ਵਾਅਦਾ ਵੀ ਕੀਤਾ ਸੀ ਪਰ ਆਪ ਸਰਕਾਰ ਬਣਨ ਦੇ ਸੱਤ ਮਹੀਨੇ ਬੀਤ ਜਾਣ ਦੇ ਬਾਵਜੂਦ ਸਾਡੇ ਨਾਲ ਸਿਰਫ਼ ਝੂਠੇ ਵਾਅਦੇ ਕੀਤੇ ਜਾ ਰਹੇ ਹਨ। ਸਿੱਪੀ ਸ਼ਰਮਾ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਅਡੋਲ ਹਨ। ਉਹ ਆਪਣਾ ਅੰਦੋਲਨ ਵਾਪਸ ਲੈਣ ਵਾਲੇ ਨਹੀਂ ਹਨ। ਸਿੱਪੀ ਆਨੰਦਪੁਰ ਸਾਹਿਬ ਦੀ ਰਹਿਣ ਵਾਲੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਇੱਕ ਸਾਲ ਤੋਂ ਉਸਨੇ ਕਰਵਾ ਚੌਥ, ਦੀਵਾਲੀ ਅਤੇ ਹੋਰ ਤਿਉਹਾਰ ਟੈਂਕੀ 'ਤੇ ਹੀ ਮਨਾਏ ਹਨ।



ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਵੇਲੇ ਜਦੋਂ ਉਹ ਅੰਦੋਲਨ ਕਰ ਰਹੇ ਸਨ ਤਾਂ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਆਉਣ 'ਤੇ ਉਨ੍ਹਾਂ ਨੂੰ ਨੌਕਰੀ ਦਿੱਤੀ ਜਾਵੇਗੀ ਪਰ ਇਹ ਵਾਅਦਾ ਮਿੱਠੀ ਗੋਲੀ ਸਾਬਿਤ ਹੋਇਆ। ਸਿੱਪੀ ਨੇ ਕਿਹਾ ਕਿ ਉਹ ਪਹਿਲਾਂ ਵੀ ਪੰਜਾਬ 'ਚ ਪਾਣੀਆਂ ਵਾਲੀਆਂ ਟੈਂਕੀਆਂ 'ਤੇ ਚੜ ਚੁੱਕੇ ਹਨ ਪਰ ਹਰ ਵਾਰ ਵਾਅਦਾ ਕਰਕੇ ਉਤਾਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਬੇਨਤੀ ਕਰਦੇ ਹਨ ਕਿ ਪੀਟੀਆਈ ਦੀ ਮੈਰਿਟ ਲਿਸਟ ਜਲਦੀ ਤੋਂ ਜਲਦੀ ਜਾਰੀ ਕੀਤੀ ਜਾਵੇ।




ਅਰਵਿੰਦ ਕੇਜਰੀਵਾਲ ਨੇ ਕੀਤਾ ਸੀ ਇਹ ਵਾਅਦਾ 

ਪਿਛਲੇ ਸਾਲ ਆਪਣੇ ਪੰਜਾਬ ਦੌਰੇ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਮੋਹਾਲੀ ਵਿਖੇ ਇੱਕ ਗੱਡੀ 'ਤੇ ਚੜ ਕੇ ਇੱਕ ਓਵਰਹੈੱਡ ਪਾਣੀ ਦੀ ਟੈਂਕੀ 'ਤੇ ਧਰਨਾ ਦੇ ਰਹੇ ਅਧਿਆਪਕਾਂ ਨਾਲ ਗੱਲਬਾਤ ਕੀਤੀ ਸੀ, ਜਿਸ ਦੌਰਾਨ ਉਨ੍ਹਾਂ ਨੇ ਤਤਕਾਲੀ ਕਾਂਗਰਸ ਸਰਕਾਰ ਦੀ ਨਿੰਦਾ ਕਰਕੇ ਕਿਹਾ ਸੀ ਉਨ੍ਹਾਂ ਨੇ ਅਧਿਆਪਕਾਂ ਨੂੰ ਪਾਣੀ ਵਾਲੀ ਟੈਂਕੀ 'ਤੇ ਬੈਠਣ ਲਈ ਮਜ਼ਬੂਰ ਕੀਤਾ , ਜਦਕਿ 'ਆਪ' ਸਰਕਾਰ ਅਧਿਆਪਕਾਂ ਨੂੰ ਸਿਖਲਾਈ ਲਈ ਇੰਗਲੈਂਡ ਅਤੇ ਸਵੀਡਨ ਭੇਜਦੀ ਹੈ।