Punjab News: 'ਭਾਰਤ ਜੋੜੋ ਯਾਤਰਾ' 'ਤੇ ਪੰਜਾਬ ਆਏ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਪੰਗਾ ਪੁੱਠਾ ਪੈ ਗਿਆ। ਉਨ੍ਹਾਂ ਨੇ ਸੀਐਮ ਭਗਵੰਤ ਮਾਨ ਨੂੰ ਨਸੀਹਤ ਦੇਣ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਨੂੰ ਕਿਸੇ ਦੇ ਰਿਮੋਟ ਕੰਟਰੋਲ ਹੇਠ ਨਹੀਂ ਰਹਿਣਾ ਚਾਹੀਦਾ ਤੇ ਆਜ਼ਾਦ ਢੰਗ ਨਾਲ ਸਰਕਾਰ ਚਲਾਉਣੀ ਚਾਹੀਦੀ ਹੈ। 


ਬੱਸ ਇਨ੍ਹਾਂ ਕਹਿਣ ਦੀ ਲੋੜ ਸੀ ਕਿ ਅੱਗੋਂ ਭਗਵੰਤ ਮਾਨ ਨੇ ਕਾਂਗਰਸ ਦੇ ਹੀ ਪੋਤੜੇ ਫੋਲ ਦਿੱਤੇ। ਭਗਵੰਤ ਮਾਨ ਨੇ ਅਜਿਹੇ ਵਾਰ ਕੀਤੇ ਜਿਸ ਦਾ ਜਵਾਬ ਕਿਸੇ ਕਾਂਗਰਸੀ ਕੋਲ ਨਹੀਂ ਸੀ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ, ‘ਰਾਹੁਲ ਜੀ ਪੰਜਾਬ ’ਚ ਤੁਸੀਂ ਅਜਿਹਾ ਕੁਝ ਨਾ ਹੀ ਬੋਲੋ ਤਾਂ ਚੰਗਾ ਹੈ, ਮੈਨੂੰ ਮੁੱਖ ਮੰਤਰੀ ਪੰਜਾਬ ਦੀ ਜਨਤਾ ਨੇ ਬਣਾਇਆ ਹੈ। ਤੁਸੀਂ ਦੋ ਮਿੰਟ ਵਿੱਚ ਚੁਣੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਤੋਂ ਬੇਇੱਜ਼ਤ ਕਰਕੇ ਹਟਾ ਦਿੱਤਾ ਤੇ ਚੰਨੀ ਨੂੰ ਬਣਾ ਦਿੱਤਾ ਸੀ। ਪੰਜਾਬ ’ਚ ਯਾਤਰਾ ਦੌਰਾਨ ਸੂਬੇ ਦੇ ਪ੍ਰਧਾਨ ਨੂੰ ਧੱਕੇ ਪੈ ਰਹੇ ਹਨ।’


ਦੱਸ ਦਈਏ ਕਿ ਰਾਹੁਲ ਗਾਂਧੀ ਨੇ ਆਪਣੀ ਭਾਰਤ ਜੋੜੋ ਯਾਤਰਾ ਦੌਰਾਨ ਹੁਸ਼ਿਆਰਪੁਰ ਵਿੱਚ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਪੰਜਾਬ ਤੋਂ ਚਲਾਇਆ ਜਾਣਾ ਚਾਹੀਦਾ ਹੈ। ਇਸ ਨੂੰ ਦਿੱਲੀ ਤੋਂ ਨਹੀਂ ਚਲਾਇਆ ਜਾਣਾ ਚਾਹੀਦਾ। ਉਨ੍ਹਾਂ ਕਿਹਾ, ‘ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ। ਪੰਜਾਬ ਨੂੰ ਪੰਜਾਬ ਤੋਂ ਹੀ ਚਲਾਇਆ ਜਾਣਾ ਚਾਹੀਦਾ ਹੈ। ਭਗਵੰਤ ਮਾਨ ਨੂੰ ਕੇਜਰੀਵਾਲ ਜੀ ਅਤੇ ਦਿੱਲੀ ਦੇ ਦਬਾਅ ਹੇਠ ਨਹੀਂ ਆਉਣਾ ਚਾਹੀਦਾ। ਤੁਹਾਨੂੰ ਆਜ਼ਾਦ ਢੰਗ ਨਾਲ ਕੰਮ ਕਰਨਾ ਚਾਹੀਦਾ ਹੈ ਤੇ ਕਿਸੇ ਦੇ ਰਿਮੋਟ ਕੰਟਰੋਲ ਹੇਠ ਨਹੀਂ ਆਉਣਾ ਚਾਹੀਦਾ।’ 


ਜ਼ਿਕਰਯੋਗ ਹੈ ਕਿ ਭਗਵੰਤ ਮਾਨ ਨੂੰ ਵਿਰੋਧੀ ਧਿਰਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਸਾਰੇ ਵੱਡੇ ਫ਼ੈਸਲੇ ਦਿੱਲੀ ’ਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਲਏ ਜਾ ਰਹੇ ਹਨ।


ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਵਿਅੰਗ ਕਸਦਿਆਂ ਕਿਹਾ ਕਿ ਅਜਿਹੇ ਬੇਬੁਨਿਆਦ ਬਿਆਨ ਦੇਣ ਤੋਂ ਪਹਿਲਾਂ ਰਾਹੁਲ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ। ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਲੋਕਤੰਤਰ ਜਾਂ ਜਮਹੂਰੀ ਮਰਿਆਦਾ ਬਾਰੇ ਕੁਝ ਵੀ ਕਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ। ਭਗਵੰਤ ਮਾਨ ਨੇ ਗਾਂਧੀ ਪਰਿਵਾਰ ਦੇ ਜਾਨਸ਼ੀਨ ਨੂੰ ਚੇਤੇ ਕਰਵਾਇਆ ਕਿ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਚੁਣਿਆ ਹੈ, ਜਿਨ੍ਹਾਂ ਨੇ ਉਨ੍ਹਾਂ ਦੀ ਪਾਰਟੀ ਦੇ ਹੱਕ ਵਿੱਚ ਵੱਡਾ ਫਤਵਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਸੀ, ਜਦੋਂ ਕਿ ਮੈਨੂੰ ਲੋਕਾਂ ਨੇ ਸੇਵਾ ਕਰਨ ਲਈ ਚੁਣਿਆ ਹੈ।


ਮੁੱਖ ਮੰਤਰੀ ਨੇ ਰਾਹੁਲ ਗਾਂਧੀ ਨੂੰ ਆਖਿਆ ਕਿ ਅਧੂਰੀ ਜਾਣਕਾਰੀ ਹਮੇਸ਼ਾ ਖ਼ਤਰਨਾਕ ਹੁੰਦੀ ਹੈ ਤੇ ਇਹ ਗੱਲ ਸੂਬੇ ਵਿੱਚ ਯਾਤਰਾ ਦੌਰਾਨ ਉਨ੍ਹਾਂ ਦੇ ਬੇਬੁਨਿਆਦ ਬਿਆਨ ਸਾਬਤ ਕਰ ਰਹੇ ਹਨ। ਉਨ੍ਹਾਂ ਨੇ ਕਾਂਗਰਸੀ ਆਗੂ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਦੀ ਪਾਰਟੀ ਨੇ ਮੁੱਖ ਮੰਤਰੀਆਂ ਨੂੰ ਕਠਪੁਤਲੀਆਂ ਵਾਂਗ ਨਚਾ ਕੇ ਜਮਹੂਰੀਅਤ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਸੰਸਦ ਮੈਂਬਰ ਨੂੰ ਇਸ ਮੁੱਦੇ 'ਤੇ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ।


ਮੁੱਖ ਮੰਤਰੀ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਰਾਹੁਲ ਗਾਂਧੀ ਨੇ ਖੁਦ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਲਗਪਗ ਇੱਕ ਸਾਲ ਪਹਿਲਾਂ ਉਨ੍ਹਾਂ ਨੂੰ ਜ਼ਲੀਲ ਕੀਤਾ ਸੀ। ਉਨ੍ਹਾਂ ਅੱਗੇ ਕਿਹਾ ਕਿ ਇਹ ਵੀ ਵਿਡੰਬਨਾ ਹੈ ਕਿ ਮੌਜੂਦਾ ਸੂਬਾ ਕਾਂਗਰਸ ਪ੍ਰਧਾਨ ਨੂੰ ਚੱਲ ਰਹੀ ਯਾਤਰਾ ਦੌਰਾਨ ਧੱਕੇ ਮਾਰ ਕੇ ਲੋਕਾਂ ਵਿੱਚ ਬੇਇੱਜ਼ਤ ਕੀਤਾ ਜਾ ਰਿਹਾ ਹੈ ਜੋ ਅਸਲ ਵਿਚ ਮੀਡੀਆ ਵਿੱਚ ਸੁਰਖ਼ੀਆਂ ਬਟੋਰਨ ਲਈ ਕਾਂਗਰਸੀ ਆਗੂ ਦੀ ਘਟੀਆ ਚਾਲ ਤੋਂ ਵੱਧ ਕੁਝ ਨਹੀਂ। ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸੀ ਆਗੂ ਭੁੱਲ ਗਏ ਹਨ ਕਿ ਉਨ੍ਹਾਂ ਦੇ ਪਰਿਵਾਰ ਦੇ ਹੱਥ ਦੇਸ਼ ਵਿਚ ਲੋਕਤੰਤਰ ਦੇ ਕਤਲ ਨਾਲ ਰੰਗੇ ਹੋਏ ਹਨ ਤੇ ਲੋਕ ਉਨ੍ਹਾਂ ਨੂੰ ਇਸ ਗੁਨਾਹ ਲਈ ਕਦੇ ਮੁਆਫ ਨਹੀਂ ਕਰਨਗੇ।