ਚੰਡੀਗੜ੍ਹ: ਪੰਜਾਬ ਭਵਨ 'ਚ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ 'ਚ ਹੋਈ ਮੀਟਿੰਗ 'ਚ ਇੱਕ ਹੋਰ ਫੈਸਲਾ ਲਿਆ ਗਿਆ, ਜਿਸ ਤਹਿਤ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਜਾਵੇਗਾ, ਜਿਸ ਵਿੱਚ ਮੰਗ ਕੀਤੀ ਜਾਵੇਗੀ ਕਿ ਪੰਜਾਬ ਦੇ ਸਰਕਾਰੀ ਦਫ਼ਤਰ ਵਿੱਚ ਮਹਾਤਮਾ ਗਾਂਧੀ ਦੀ ਤਸਵੀਰ ਲਗਾਈ ਜਾਵੇ, ਜੇਕਰ ਪੰਜਾਬ ਸਰਕਾਰ ਨੇ ਇਹ ਮੰਗ ਪੂਰੀ ਨਹੀਂ ਕੀਤੀ ਤਾਂ ਆਉਣ ਵਾਲੀ 15 ਅਗਸਤ ਜਾਂ 2 ਅਕਤੂਬਰ ਨੂੰ ਯੂਥ ਕਾਂਗਰਸ ਦੇ ਲੋਕ ਪੰਜਾਬ ਦੇ ਸਾਰੇ ਸਰਕਾਰੀ ਦਫਤਰਾਂ 'ਚ ਜਾ ਕੇ ਮਹਾਤਮਾ ਗਾਂਧੀ ਦੀ ਤਸਵੀਰ ਨੂੰ ਖੁਦ ਲਗਾਉਣਗੇ, ਚਾਹੇ ਉਨ੍ਹਾਂ 'ਤੇ ਕੋਈ ਵੀ ਪਰਚਾ ਦਰਜ ਕੀਤਾ ਜਾਵੇ। ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਇਹ ਜਾਣਕਾਰੀ ਦਿੱਤੀ।
ਅੱਜ ਸਾਰੀਆਂ ਪਾਰਟੀਆਂ ਸ਼ਹੀਦਾਂ 'ਤੇ ਵੋਟਾਂ ਮੰਗਣ ਦਾ ਕੰਮ ਕਰ ਰਹੀਆਂ ਹਨ, ਜਿਥੇ ਆਮ ਆਦਮੀ ਪਾਰਟੀ ਭਗਤ ਸਿੰਘ ਨੂੰ ਆਪਣਾ ਬਣਾ ਰਹੀ ਹੈ, ਉੱਥੇ ਬਸਪਾ ਦੀ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅੰਬੇਡਕਰ ਦਾ ਨਾਂ ਵਰਤਿਆ ਤੇ ਭਾਜਪਾ ਨੇ ਸਰਦਾਰ ਪਟੇਲ ਦਾ ਨਾਂ ਵਰਤ ਕੇ ਇਹ ਦਿਖਾ ਦਿੱਤਾ ਕਿ ਇਹ ਲੋਕ ਕਿਤੇ ਨਾ ਕਿਤੇ ਕਾਂਗਰਸ ਨਾਲ ਜੁੜੇ ਹੋਏ ਹਨ । ਉਹਨਾਂ ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਕਿਹਾ ਕਿ ਜਿਹੜੇ ਕੇਜਰੀਵਾਲ ਪਹਿਲਾਂ ਮਹਾਤਮਾ ਗਾਂਧੀ ਦੀ ਤਸਵੀਰ ਅੱਗੇ ਬੈਠ ਕੇ ਪ੍ਰਦਰਸ਼ਨ ਕਰਦੇ ਸੀ, ਅੱਜ ਉਹਨਾਂ ਨੇ ਪੰਜਾਬ ਦੇ ਸਰਕਾਰੀ ਦਫਤਰਾਂ ਤੋਂ ਮਹਾਤਮਾ ਗਾਂਧੀ ਦੀ ਤਸਵੀਰ ਹਟਾ ਦਿੱਤੀ, ਅਜਿਹਾ ਨਹੀਂ ਹੋਣਾ ਚਾਹੀਦਾ ਸੀ।
ਪੰਜਾਬ ਸਰਕਾਰ ਲਗਾਤਾਰ ਵਰਕਰਾਂ ਨਾਲ ਤਾਨਾਸ਼ਾਹੀ ਕਰ ਰਹੀ ਹੈ ਜਿਸ ਖਿਲਾਫ ਮੀਟਿੰਗ 'ਚ ਮਤਾ ਪਾਸ ਕੀਤਾ ਗਿਆ ਕਿ ਇਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ ਅਤੇ ਕਾਂਗਰਸ ਪ੍ਰਦਰਸ਼ਨਾਂ ਤੋਂ ਪਿੱਛੇ ਨਹੀਂ ਹਟੇਗੀ।